ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਰੋਸ ਰੈਲੀ 22 ਮਾਰਚ ਨੂੰ

ਮੋਗਾ, 19 ਮਾਰਚ (ਜਸ਼ਨ) ਅੱਜ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680, 22-ਬੀ, ਇਕਾਈ ਮੋਗਾ ਦੀ ਇੱਕ ਵਿਸ਼ੇਸ਼ ਮੀਟਿੰਗ ਕਾ. ਗੁਰਮੇਲ ਸਿੰਘ ਨਾਹਰ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿੱਚ ਹੋਈ। ਇਸ ਮੌਕੇ ਵਿਸ਼ੇਸ਼ ਤੌਰ’ਤੇ ਪਹੁੰਚੇ ਸੂਬਾਈ ਡਿਪਟੀ ਜ.ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਸੂਬਾ ਕਮੇਟੀ ਦੀਆਂ ਮੀਟਿੰਗਾਂ ਦੀ ਰਿਪੋਰਟ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਬਾਰੇ ਬਿਲਕੁਲ ਹੀ ਚੁੱਪ ਹੈ। ਇਥੋਂ ਤੱਕ ਕਿ ਬਹੁਤ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਾਂ ਆਪਣੀਆਂ ਰੈਗੂਲਰ ਤਨਖਾਹਾਂ ਪ੍ਰਾਪਤ ਕਰਨ ਲਈ ਵੀ ਕਈ ਕਈ ਮਹੀਨੇ ਉਡੀਕ ਕਰਨੀ ਪੈਂਦੀ ਹੈ। ਠੇਕੇ ‘ਤੇ ਅਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਸਰਕਾਰ ਉਨ੍ਹਾਂ ਨੂੰ ਤਿੰਨ ਸਾਲ ਲਈ ਮੁੱਢਲੀ ਤਨਖਾਹ ਤੇ ਹੀ ਕੰਮ ਲੈਣ ਦੀ ਸਕੀਮ ਬਣਾਈ ਹੋਈ ਹੈ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੰਤਰੀ, ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਲਗਾਏ ਓ.ਐਸ.ਡੀ. ਅਤੇ ਹੋਰ ਉੱਚ ਅਫ਼ਸਰਸ਼ਾਹੀ ਤਾਂ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ ਅਤੇ ਪੂਰੀਆਂ ਸਹੂਲਤਾਂ ਮਾਣ ਰਹੇ ਹਨ ਪਰ ਛੋਟੇ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ ਵੀ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ। ਉੱਚ ਅਫ਼ਸਰਾਂ ਨੂੰ ਮਹਿੰਗਾਈ ਭੱਤਾ ਨਾਲ ਦੀ ਨਾਲ ਹੀ ਦੇ ਦਿੱਤਾ ਜਾਂਦਾ ਹੈ ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਇਆ ਜਾਂਦਾ ਹੈ। ਇਸ ਲਈ ਸਰਕਾਰ ਵਿਰੁੱਧ ਸੰਘਰਸ ਕਰਨਾ ਮੁਲਾਜ਼ਮਾਂ ਦੀ ਮਜ਼ਬੂਰੀ ਹੀ ਹੈ। ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਪੱਧਰ ਦੀ ਰੋਸ ਰੈਲੀ 22 ਮਾਰਚ ਨੂੰ ਮੋਗਾ ਦੇ ਬੱਸ ਸਟੈਂਡ ਵਿੱਚ ਹੀ ਕੀਤੀ ਜਾਵੇਗੀ ਅਤੇ ਨਾਲ ਹੀ ਰੋਡਵੇਜ਼ ਮੁਲਾਜ਼ਮਾਂ ਵੱਲੋਂ 12 ਵਜੇ ਤੋਂ 2 ਵਜੇ ਤੱਕ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸ਼ਮੂਲੀਅਤ ਵੀ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ 24 ਮਾਰਚ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸਨਰਜ਼ ਭਾਗ ਲੈਣ ਲਈ ਜਾਣਗੇ। ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੇ ਆਗੂ ਤਿਆਰੀ ਕਰ ਰਹੇ ਹਨ। ਇਸ ਮੀਟਿੰਗ ਵਿੱਚ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ, ਹਰੀਬਹਾਦਰ ਬਿੱਟੂ, ਪ੍ਰਕਾਸ਼ ਚੰਦ ਦੌਲਤਪੁਰਾ, ਗੁਰਜੰਟ ਸਿੰਘ ਕੋਕਰੀ, ਜਸਪਾਲ ਸਿੰਘ ਪੈਨਸ਼ਨਰ ਸਾਥੀ, ਕੁਲਵੰਤ ਸਿੰਘ ਸਿਹਤ ਵਿਭਾਗ, ਪੋਹਲਾ ਸਿੰਘ ਬਰਾੜ ਆਦਿ ਸਾਥੀ ਸ਼ਾਮਲ ਹੋਏ।


