ਦਰਬਾਰ ਸਾਹਿਬ ਵਿਖੇ ਲੰਗਰ ਦੀ ਰਸਦ ’ਤੇ ਜੀ ਐੱਸ ਟੀ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਫੈਸਲਾ ਲਿਆ-ਕਰਨਲ ਬਾਬੂ ਸਿੰਘ

ਮੋਗਾ, 21 ਮਾਰਚ(ਜਸ਼ਨ)-ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ  ਦਾ ਆਖਣਾ ਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀ ਰਸਦ ਅਤੇ ਵਸਤਾਂ ਤੇ ਲੱਗਦੇ ਸੇਵਾ ਕਰ (ਜੀ ਐੱਸ ਟੀ) ਵਿੱਚ ਸੂਬਾ ਸਰਕਾਰ ਦੇ 50 ਫੀਸਦੀ ਹਿੱਸੇ ਨੂੰ ਮੁਆਫ਼ ਕਰਨ ਦੇ ਫੈਸਲੇ ਦਾ ਸੂਬੇ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹੈ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਪਿਛਲੇ ਕਾਰਜਕਾਲ ਦੌਰਾਨ ਸਾਲ 2002 ਵਿੱਚ ਵੀ ਲੰਗਰ ਵਸਤਾਂ ’ਤੇ ਸੇਲ ਟੈਕਸ ਮੁਆਫ ਕੀਤਾ ਸੀ ਜੋ ਬਾਅਦ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਵਸੂਲਿਆ ਜਾਂਦਾ ਰਿਹਾ। ਕਰਨਲ ਬਾਬੂ ਸਿੰਘ ਨੇੇ ਆਖਿਆ ਕਿ ਗੱਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਤੋਂ ਜੀ ਐੱਸ ਟੀ ਮੁਆਫ਼ ਕਰਵਾਉਣ ਲਈ ਕੋਈ ਯਤਨ ਨਹੀਂ ਕੀਤੇ ਜਦਕਿ ਉਹ ਕੇਂਦਰ ਦੀ ਐੱਨ ਡੀ ਏ ਸਰਕਾਰ ਦਾ ਹਿੱਸਾ ਹਨ । ਉਹਨਾਂ ਕਿਹਾ ਕਿ ਹੁਣ ਵੀ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿਚ ਹਨ ਅਤੇ ਹੁਣ ਉਹਨਾਂ ਨੂੰ ਬਾਕੀ ਰਹਿੰਦਾ 50 ਫੀਸਦ ਜੀ ਐੱਸ ਟੀ ਮੁਆਫ਼ ਕਰਵਾਉਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਕਰਨਲ ਬਾਬੂ ਸਿੰਘ ਨੇ ਆਖਿਆ ਕਿ ਦਰਬਾਰ ਸਾਹਿਬ ਦੇ ਨਾਲ ਨਾਲ ਹੋਰਨਾਂ ਤੀਰਥ ਅਸਥਾਨਾਂ ਲਈ ਸੂਬਾ ਸਰਕਾਰ ਦੇ ਹਿੱਸੇ ਦਾ ਟੈਕਸ ਮੁਆਫ ਕਰਨ ਦੇ ਇਤਿਹਾਸਕ ਫੈਸਲੇ ਲਈ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਨੇ ਜਿਹਨਾਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਇਹ ਅਹਿਮ ਫੈਸਲਾ ਲਿਆ।