ਜ਼ਿਲ੍ਹਾ ਪੁਲਿਸ ਦੇ ਹੱਥ ਲਗੀ ਵੱਡੀ ਕਾਮਯਾਬੀ ,7 ਵਿਅਕਤੀਆਂ ਦਾ ਕਾਤਲ ਭਗੌੜਾ ਚੜਿਆ ਪੁਲਿਸ ਦੇ ਹੱਥੇ, 12 ਲੱਖ 45 ਹਜ਼ਾਰ ਦੀ ਬੈੰਕ ਡਕੈਤੀ ‘ਚ ਵੀ ਸੀ ਲੋੜੀਂਦਾ

ਫਿਰੋਜ਼ਪੁਰ , 22 ਮਾਰਚ (ਪੰਕਜ ਕੁਮਾਰ)-ਜ਼ਿਲਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਕਾਮਯਾਬੀ ਹੱਥ ਲਗੀ ਜਦੋ ਪੁਲਿਸ ਨੇ 7 ਕਾਤਲਾਂ ਅਤੇ ਬੈੰਕ ਡਕੈਤੀ ਦੇ ਮਾਮਲੇ ਵਿਚ ਇਕ ਭਗੌੜੇ ਮੁਜਰਿਮ ਨੂੰ ਗਿਰਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ । ਪੁਲਿਸ ਵਲੋਂ ਕਾਬੂ ਕੀਤੇ ਮੁਜ਼ਰਿਮ ਮਲੂਕ ਸਿੰਘ ‘ਤੇ ਕਈ ਵੱਖ ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ । ਗਿਰਫਤਾਰੀ ਤੋਂ ਬਾਅਦ ਪੁਲਿਸ ਵਲੋਂ ਉਕਤ ਮੁਜਰਿਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਏਗਾ, ਜਿਸ ਦੌਰਾਨ ਇਕ ਹੀ ਪਰਿਵਾਰ ਦੇ 7 ਵਿਕਤੀਆਂ ਦਾ ਕਤਲ ਕਰਨ ਦੇ ਕਾਰਨਾਂ ਦਾ ਡੂੰਘਾਈ ਨਾਲ ਪਤਾ ਲਗਾਇਆ ਜਾ ਸਕੇਗਾ ਅਤੇ ਇਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ । ਪ੍ਰੈਸ ਕਾਨਫਰੰਸ ਦੌਰਾਨ ਬੈੰਕ ਡਕੈਤੀ ਅਤੇ ਇਕ ਹੀ ਪਰਿਵਾਰ ਦੇ 7 ਲੋਕਾਂ ਦੇ ਕਤਲ ਦੇ ਦੋਸ਼ੀ ਭਗੌੜੇ ਮੁਜਰਿਮ ਮਲੂਕ ਸਿੰਘ ਦੇ ਬਾਰੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਫਿਰੋਜ਼ਪੁਰ ਸ : ਪ੍ਰੀਤਮ ਸਿੰਘ ਨੇ ਦੱਸਿਆ ਕਿ ਜ਼ੀਰਾ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਦੇ ਤਾਰ ਅੱਤਵਾਦੀਆਂ ਨਾਲ ਰਹੇ ਸਨ । ਉਨਾਂ ਦੱਸਿਆ ਕਿ ਫੜਿਆ ਗਿਆ ਦੋਸ਼ੀ ਮਲੂਕ ਸਿੰਘ 7 ਕਤਲਾਂ ਅਤੇ ਬੈੰਕ ਦੀ ਲੁੱਟ ਵਿਚ ਭਗੌੜਾ ਚਲ ਰਿਹਾ ਸੀ ਜਿਸਦੀ ਪੁਲਿਸ ਵਲੋਂ ਪੂਰੀ ਸਰਗਰਮੀ ਨਾਲ ਤਲਾਸ਼ ਕਰ ਰਹੀ ਸੀ । ਉਨਾਂ ਦੱਸਿਆ ਕਿ ਦੋਸ਼ੀ ਮਲੂਕ ਸਿੰਘ ਉਤੇ 19 ਅਪ੍ਰੈਲ 1994 ਵਿਚ ਥਾਣਾ ਧਰਮਕੋਟ ਵਿਖੇ 302.34 ਭ: ਦ 25/54/59 ਆਰਮਜ਼ ਐਕਟ ਤਹਿਤ 7 ਵਿਕਤੀਆਂ ਦੇ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਈ ਸੀ । ਮਾਨਯੋਗ ਸੁਪਰੀਮ ਕੋਰਟ ਵਿਚ ਅਪੀਲ ਪਾਉਣ ਤੇ ਇਸ ਨੂੰ ਉਮਰ ਕੈਦ ਹੋ ਗਈ ਸੀ, ਜੋ ਕਿ ਸਾਲ 2009 ਵਿਚ ਪੈਰੋਲ ਛੁੱਟੀ ਆਉਣ ਤੋਂ ਬਾਅਦ ਭਗੌੜਾ ਹੋ ਗਿਆ ਸੀ ਉਨਾਂ ਦੱਸਿਆ ਕਿ ਭਗੌੜਾ ਹੋਣ ਤੋਂ ਬਾਅਦ ਦੋਸ਼ੀ ਵਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਲਾਹਾਬਾਦ ਬੈੰਕ ਜੀਰਾ ਵਿੱਚੋ 12 ਲੱਖ 45 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਸੀ । ਗੌਰਤਲਬ ਹੈ ਕਿ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਭਗੌੜਾ ਮਲੂਕ ਸਿੰਘ ਤੇ ਜਿਥੇ ਫਿਰੋਜ਼ਪੁਰ ਜਿਲੇ ਵਿਚ 4 ਅਪਰਾਧਿਕ ਮੁਕਦਮੇ ਦਰਜ ਸਨ, ਉਥੇ ਹੀ ਇਸਤੋਂ ਇਲਾਵਾ ਉਹ ਗੁਰਦਾਸਪੁਰ ਦੇ ਥਾਣਾ ਘੁਮਾਣ ਕਲਾਂ ਅਤੇ ਅੰਮਿ੍ਰਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਕਪੁਨੰਗਲ ਵਿਖੇ ਦਰਜ ਮੁਕਦਮਿਆਂ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ।


