ਸੋਨਾ ਤੇ ਨਗਦ ਰਕਮ ਸਮੇਤ ਦੋ ਘਰਾਂ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ

ਸਮਾਲਸਰ, 23 ਮਾਰਚ (ਗਗਨਦੀਪ)- ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਵੈਰੋਕੇ ਵਿਖੇ ਅਣਪਛਾਤੇ ਚੋਰਾਂ ਵੱਲੋਂ ਇੱਕੋ ਰਾਤ ਵਿੱਚ ਦੋ ਘਰਾਂ ਦਾ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਨੇਕ ਸਿੰਘ, ਕੇਵਲ ਸਿੰਘ ਤੇ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਸਮਾਲਸਰ ਰੋਡ ‘ਤੇ ਬਣਿਆ ਹੋਇਆ ਹੈ। ਬੀਤੀ ਅੱਧੀ ਰਾਤ ਮਗਰੋਂ ਅਣਪਛਾਤੇ ਚੋਰਾਂ ਨੇ ਸੁੱਤੇ ਪਏ ਪਰਿਵਾਰ ਨੂੰ ਕਮਰਿਆਂ ਵਿੱਚ ਬੰਦ ਕਰਕੇ ਪੇਟੀਆਂ ਵਾਲੇ ਕਮਰੇ ਅੰਦਰੋਂ ਕਰੀਬ ਚਾਰ ਤੋਲੇ ਸੋਨਾ, ਤੀਹ ਹਜਾਰ ਰੁਪਏ ਨਗਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਜਦੋਂ ਤੱਕ ਪਰਿਵਾਰ ਵਾਲਿਆਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਚੋਰ ਨਾਲ ਦੇ ਇੱਕ ਹੋਰ ਘਰ ਦਾ ਸਫਾਇਆ ਕਰਕੇ ਫਰਾਰ ਹੋ ਚੁੱਕੇ ਸਨ। ਚੋਰੀ ਦੀ ਦੂਜੀ ਘਟਨਾ ਫੌਜਾ ਸਿੰਘ ਐਨ.ਆਰ.ਆਈ. ਦੇ ਘਰ ਵਿੱਚ ਵਾਪਰੀ ਹੈ। ਫੌਜਾ ਸਿੰਘ ਤੇ ਉਸਦੀ ਪਤਨੀ ਪਰਮਜੀਤ ਕੌਰ ਬੱਚਿਆਂ ਕੋਲੋਂ ਕੈਨੇਡਾ ਤੋਂ ਵਾਪਸ ਆਏ ਸਨ ਅਤੇ ਉਹਨਾਂ ਨੇ ਥੋੜੇ ਸਮੇਂ ਬਾਅਦ ਫਿਰ ਵਿਦੇਸ਼ ਜਾਣਾ ਸੀ। ਉਹਨਾਂ ਦੱਸਿਆ ਕਿ ਘਰ ਵਿੱਚ ਦੋਵੇਂ ਜੀਅ ਇੱਕ ਕਮਰੇ ਅੰਦਰ ਸੁੱਤੇ ਸਨ। ਅੱਧੀ ਰਾਤ ਮਗਰੋਂ ਜਦੋਂ ਪਰਮਜੀਤ ਕੌਰ ਨੇ ਆਪਣੇ ਕਮਰੇ ਦਾ ਗੇਟ ਖੋਲਣਾ ਚਾਹਿਆ ਤਾਂ ਬਾਹਰੋਂ ਕੁੰਢੀ ਲੱਗੀ ਹੋਈ ਸੀ। ਉਹਨਾਂ ਨੇ ਜਾਣ ਪਹਿਚਾਣ ਵਾਲਿਆਂ ਨੂੰ ਫੋਨ ਕਰਕੇ ਕਮਰਾ ਖੁਲਵਾਇਆ ਤਾਂ ਦੇਖਿਆ ਕਿ ਜਿਸ ਕਮਰੇ ਵਿੱਚ ਪੇਟੀਆਂ ਅਤੇ ਹੋਰ ਕੀਮਤੀ ਸਾਮਾਨ ਪਿਆ ਸੀ ਉਸਦਾ ਜਿੰਦਰਾ ਭੰਨਿਆ ਹੋਇਆ ਸੀ। ਕਮਰੇ ਅੰਦਰ ਪੇਟੀਆਂ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਤੇ ਇੱਕ ਟਰੰਕ ਬਾਹਰ ਖਿਲਰਿਆ ਪਿਆ ਸੀ। ਫੌਜਾ ਸਿੰਘ ਨੇ ਦੱਸਿਆ ਕਿ ਚੋਰ ਉਸਦੇ ਘਰੋਂ ਕਰੀਬ ਚਾਰ ਤੋਲੇ ਸੋਨਾ, ਪੰਤਾਲੀ ਹਜਾਰ ਰੁਪਏ ਨਗਦ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ। ਬਾਕੀ ਹੋਰ ਨੁਕਸਾਨ ਦਾ ਅਨੁਮਾਨ ਪੁਲਿਸ ਦੀ ਤਫਤੀਸ਼ ਵਿੱਚ ਲੱਗ ਸਕਦਾ ਹੈ। ਜਿਕਰਯੋਗ ਹੈ ਕਿ ਉਕਤ ਦੋਵੇਂ ਘਰਾਂ ਦੇ ਪਿਛਲੇ ਪਾਸੇ ਕਾਫੀ ਜਗ੍ਹਾ ਖਾਲੀ ਪਈ ਹੈ ਅਤੇ ਜਿਸ ਢੰਗ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਚੋਰ ਘਰਾਂ ਬਾਰੇ ਕਾਫੀ ਕੁਝ ਜਾਣਦੇ ਪ੍ਰਤੀਤ ਹੁੰਦੇ ਹਨ। ਹਰਨੇਕ ਸਿੰਘ ਤੇ ਫੌਜਾ ਸਿੰਘ ਮੁਤਾਬਕ ਦੋਵਾਂ ਨੇ ਦਿਨ ਚੜਦੇ ਸਾਰ ਹੀ ਪੁਲਿਸ ਨੂੰ ਚੋਰੀ ਹੋਣ ਬਾਰੇ ਇਤਲਾਹ ਕਰ ਦਿੱਤੀ ਸੀ ਪਰ ਮੁਲਾਜਮ ਕਿਸੇ ਦੂਜੇ ਪਿੰਡ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ ਵਿੱਚ ਬਿਜੀ ਹੋਣ ਕਾਰਨ ਬਾਅਦ ਦੁਪਹਿਰ ਤੱਕ ਘਟਨਾ ਸਥਾਨ ‘ਤੇ ਨਹੀਂ ਪਹੁੰਚੇ ਸਨ।