ਸ਼ਹੀਦਾਂ ਦੇ ਆਦਰਸ਼ਾਂ ਤੇ ਪੂਰਾ ਉਤਰਨਾ ਹੀ ਸੱਚੀ ਸ਼ਰਧਾਂਜਲੀ -: ਉੱਪ-ਚੇਅਰਮੈਨ ਸ.ਮੱਖਣ ਸਿੰਘ

ਸੁਖਾਨੰਦ,23 ਮਾਰਚ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਵਿਖੇ ਸ.ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਦੀ ਯਾਦ ਨੂੰ ਮੁੜ ਤਾਜ਼ਾ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥਣਾਂ ਨੇ ਵੀ ਆਪਣੇ ਮਨੋਭਾਵਾਂ ਨੂੰ ਕਵਿਤਾਵਾਂ, ਭਾਸ਼ਣਾਂ ਅਤੇ ਗੀਤਾਂ ਰਾਹੀਂ ਪੇਸ਼ ਕੀਤਾ। ਮੈਡਮ ਸਤਵਿੰਦਰ ਕੌਰ ਮੁਖੀ ਇਤਿਹਾਸ ਵਿਭਾਗ, ਡਾ.ਬਲਜਿੰਦਰ ਕੌਰ, ਮੈਡਮ ਪਵਨਜੀਤ ਕੌਰ, ਪੰਜਾਬੀ ਵਿਭਾਗ ਨੇ ਭਗਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ। ਮੈਡਮ ਰਵਨੀਤ ਕੌਰ ਮੁਖੀ ਸੰਗੀਤ ਵਿਭਾਗ ਦੁਆਰਾ ਗਾਈ ਭਗਤ ਸਿੰਘ ਦੀ ਘੋੜੀ ਨਾਲ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਮੈਡਮ ਗੁਰਮੀਤ ਗੀਤਾ ਨੇ ਆਪਣੀ ਕਵਿਤਾ ਰਾਹੀਂ ਇਸ ਮਹਾਨ ਸ਼ਖ਼ਸੀਅਤ ਦੀ ਨਿਡਰਤਾ ਅਤੇ ਸੰਜੀਦਗੀ ਨੂੰ ਬਿਆਨ ਕੀਤਾ।ਪ੍ਰੋਗ੍ਰਾਮ ਦੇ ਅੰਤ ਵਿੱਚ ਕਾਲਜ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜਿੰਦਗੀ ਦੀ ਅਹਿਮੀਅਤ ਤਾਂ ਹੀ ਹੈ ਜੇ ਉਹ ਦੂਸਰਿਆਂ ਲਈ ਕੁਰਬਾਨ ਹੋ ਜਾਵੇ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਜੀ ਨੇ ਕਿਹਾ ਕਿ ਅਜਿਹੇ ਦਿਹਾੜਿਆਂ ਨੂੰ ਮਨਾਉਣ ਦਾ ਮੰਤਵ ਤਾਂ ਹੀ ਪੂਰਾ ਹੋ ਸਕੇਗਾ ਜੇਕਰ ਸ਼ਹੀਦਾਂ ਦੇ ਪਾਏ ਪੂਰਨਿਆਂ ਅਤੇ ਆਦਰਸ਼ਾਂ ਨੂੰ ਅਸੀਂ ਵੀ ਆਪਣੀ ਜਿੰਦਗੀ ਵਿੱਚ ਵੀ ਧਾਰਣ ਕਰਾਂਗੇ।