ਕਰਿਕਟਰ ਮੁਹੰਮਦ ਸ਼ੰਮੀ ਸੜਕ ਹਾਦਸੇ ਵਿਚ ਜ਼ਖਮੀ

ਮੋਗਾ,25 ਮਾਰਚ (ਜਸ਼ਨ)ਅੱਜ ਦਾ ਐਤਵਾਰ ਕਰਿਕਟ ਪ੍ਰੇਮੀਆਂ ਲਈ ਉਦਾਸ ਕਰਨ ਵਾਲੀ ਖਬਰ ਲੈ ਕੇ ਆਇਆ  ਜਦੋਂ ਭਾਰਤੀ ਕਰਿਕਟ ਜਗਤ ਵਿਚ ਅਹਿਮ ਸਥਾਨ ਰੱਖਣ ਵਾਲੇ ਫਾਸਟ ਬਾਲਰ ਮੁਹੰਮਦ ਸ਼ੰਮੀ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਟੋਇਟਾ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ । ਸ਼ੰਮੀ ਦੇਹਰਾਦੂਨ ਤੋਂ ਨਵੀਂ ਦਿੱਲੀ ਜਾ ਰਿਹਾ ਸੀ ਅਤੇ ਘਟਨਾ ਉਪਰੰਤ ਉਸ ਨੂੰ ਦੇਹਰਾਦੂਨ ਦੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।  ਡਾਕਟਰਾਂ ਮੁਤਾਬਕ ਸ਼ੰਮੀ ਦੇ ਸਿਰ ਵਿਚ ਗੰਭੀਰ ਸੱਟਾਂ ਹਨ ਅਤੇ ਟਾਂਕੇ ਲਗਾਉਣ ਉਪਰੰਤ ਰਾਹਤ ਵਾਲੀ ਗੱਲ ਇਹ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ੰਮੀ ਪਿਛਲੇ ਕਈ ਦਿਨਾਂ ਤੋਂ ਆਪਣੀ  ਪ੍ਰੈਕਟਿਸ ਦੇਹਰਾਦੂਨ ਵਿਖੇ ਹੀ ਕਰ ਰਿਹਾ ਸੀ ਕਿਉਂਕਿ ਉਹ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤੀ ਪਾਉਣ ਉਪਰੰਤ ਆਈ ਪੀ ਐੱਲ ਮੁਕਾਬਲਿਆਂ ਦੌਰਾਨ ਡੇਲੀ ਡੇਅਰਡੈਵਲਜ਼ ਟੀਮ ਲਈ ਬਿਹਤਰ ਪ੍ਰਦਰਸ਼ਨ ਲਈ ਤਿਆਰੀ ਕਰ ਰਿਹਾ ਸੀ। ਵਰਨਣਯੋਗ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਮੁਹੰਮਦ ਸ਼ੰਮੀ ’ਤੇ ਉਸ ਦੀ ਪਤਨੀ ਹਸੀਨ ਜਹਾਂ ਨੇ ਹੋਰਨਾਂ ਲੜਕੀਆਂ ਨਾਲ ਚੈਟਿੰਗ ਕਰਨ ਅਤੇ ਡੁਬਈ ਵਿਚ ਕਿਸੇ ਇਕ ਲੜਕੀ ਨੂੰ ਮਿਲਣ ਦੇ ਦੋਸ਼ ਲਗਾਏ ਸਨ ਜਿਸ ਕਾਰਨ ਸ਼ੰਮੀ ਦਾ ਕਰਿਕਟ ਪ੍ਰਦਰਸ਼ਨ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਸੀ। ਅੱਜ ਦੀ ਦੁਰਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਮੁਹੰਮਦ ਸ਼ੰਮੀ ਦੇ ਚਾਹੁਣ ਵਾਲਿਆਂ ਨੇ ਇਸ ਦੁਰਘਟਨਾ ਪਿਛੇ ਉਸ ਦੀ ਪਤਨੀ ਹਸੀਨ ਜਹਾਂ ਦਾ ਹੱਥ ਹੋਣ ਦਾ ਖਦਸ਼ਾ ਜ਼ਾਹਰ ਕੀਤਾ।  

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ