ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਨੇ ਕੀਤੀ ਖੁਦਕੁਸ਼ੀ, ਸੋਹਜ ਔਲਖ ਸੀ ਉੱਘੇ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ

ਬਠਿੰਡਾ,27 ਮਾਰਚ (ਕੁਲਦੀਪ ਲੋਹਟ / ਤੇਜਿੰਦਰ ਸਿੰਘ ਜਸ਼ਨ )  : ਗਾਇਕੀ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਪਾਉਣ ਵਾਲੇ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਨੇ ਅੱਜ ਦੇਰ ਸ਼ਾਮ ਖੁਦਕੁਸ਼ੀ ਕਰ ਲਈ । ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਔਲਖ ਉੱਘੇ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਸੀ ਅਤੇ ਪਤੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਬਠਿੰਡਾ ਵਿਖੇ ਪਿਛਲੇ ਦੋ ਦਹਾਕਿਆਂ ਤੋਂ ਰਹਿ ਰਹੇ ਸਨ । ਅਧਿਆਪਕ ਤੋਂ ਗਾਇਕ ਬਣੇ ਗੁਰਵਿੰਦਰ ਬਰਾੜ ਦੇ ਗਾਏ ਕਈ ਗੀਤ ਪੰਜਾਬੀ ਸਰੋਤਿਆਂ ਦੀ ਜ਼ੁਬਾਨ ’ਤੇ ਚੜੇ ਹਨ ਅਤੇ ਨਾਟਕਕਾਰ ਅਜਮੇਰ ਔਲਖ ਰੰਗ ਮੰਚ ਦੇ ਖੇਤਰ ਵਿਚ ਬਾਬਾ ਬੋਹੜ ਵਜੋਂ ਸਤਿਕਾਰਤ ਸਥਾਨ ਰੱਖਦੇ ਹਨ ਪਰ ਪਿਛੇ ਜਿਹੋ ਉਹਨਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ । ਘਟਨਾਕਰਮ ਮੁਤਾਬਕ ਸੋਹਜ ਅੱਜ ਪਹਿਲਾਂ ਆਪਣੇ ਪੁੱਤਰ ਨਾਲ ਬੈਂਕ ਗਈ ਜਿਥੋਂ ਉਸ ਨੇ ਕੁਝ ਪੈਸੇ ਕੱਢਵਾਏ ਅਤੇ ਵਾਪਸ ਘਰ ਆ ਗਈ । ਇਸ ਉਪਰੰਤ ਉਹ ਆਪਣੇ ਘਰ ਦੇ ਉੱਪਰਲੇ ਕਮਰੇ ਵਿਚ ਗਈ ਤੇ ਜਦ ਕਾਫ਼ੀ ਦੇਰ ਉਹ ਵਾਪਸ ਹੇਠਾਂ ਨਾ ਆਈ ਤਾਂ ਉਸ ਦੇ ਪੁੱਤਰ ਨੇ ਉੱਪਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਸੋਹਜ ਕਮਰੇ ਵਿਚ ਲੱਗੇ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ । ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਬਚਾਇਆ ਨਾ ਜਾ ਸਕਿਆ। ਜਿਸ ਵਕਤ ਇਹ ਘਟਨਾ ਵਾਪਰੀ ਉਸ ਸਮੇਂ ਗੁਰਵਿੰਦਰ ਬਰਾੜ ਗਾਇਕੀ ਦਾ ਪ੍ਰੋਗਰਾਮ ਲਗਾਉਣ ਗਿਆ ਹੋਇਆ ਸੀ । ਜ਼ਿਕਰਯੋਗ ਹੈ ਕਿ ਸੋਹਜ ਔਲਖ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਹੋਣ ਕਰਕੇ ਉਸ ਨੂੰ ਗੁੜਤ ਵਿਚ ਹੀ ਕਲਾ ਪ੍ਰਾਪਤ ਹੋ ਗਈ ਸੀ ਅਤੇ ਸਟੇਜ ਤੇ ਉਸ ਦੀ ਪੇਸ਼ਕਾਰੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਰਹੀ । ਪੰਜਾਬੀਆਂ ਲਈ ਇਸ ਤੋਂ ਵੱਧ ਹੋਰ ਤਰਾਸਦੀ ਕੀ ਹੋਵੇਗੀ ਕਿ ਅੱਜ ਜਦੋਂ ਵਿਸ਼ਵ ਰੰਗ ਮੰਚ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਕ ਮਹਾਨ ਕਲਾਕਾਰ ਦੀ ਕਾਬਲ ਕਲਾਕਾਰ ਧੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ