31 ਮਾਰਚ ਤੱਕ ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ਵਾਲੇ ਸ਼ਹਿਰੀ ਨਾਗਰਿਕਾਂ ਨੂੰ ਮਿਲੇਗਾ ਵਿਆਜ਼/ਜੁਰਮਾਨਾ ਮੁਆਫ਼ੀ ਤੋਂ ਇਲਾਵਾ 10 ਫ਼ੀਸਦੀ ਵਿਸੇਸ਼ ਛੋਟ ਦਾ ਲਾਭ-ਕਮਿਸ਼ਨਰ ਨਗਰ ਨਿਗਮ

ਮੋਗਾ 27 ਮਾਰਚ (ਜਸ਼ਨ)-ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਰਹਿੰਦੇ ਨਾਗਰਿਕਾਂ ਨੂੰ ਵਿਸ਼ੇਸ਼ ਸਹੂਲਤ ਦਿੰਦਿਆਂ ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ‘ਤੇ ਸਾਰੇ ਵਿਆਜ਼/ਜ਼ੁਰਮਾਨੇ ਨੂੰ ਮੁਆਫ਼ ਕਰਨ ਦੇ ਨਾਲ-ਨਾਲ ਬਣਦੇ ਪ੍ਰਾਪਰਟੀ ਟੈਕਸ ‘ਤੇ 10 ਪ੍ਰਤੀਸ਼ਤ ਵਿਸ਼ੇਸ਼ ਛੋਟ ਦੇਣ ਦਾ ਫੈਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਵਿਸ਼ੇਸ਼ ਛੋਟ 31 ਮਾਰਚ, 2018 ਤੱਕ ਜਾਰੀ ਰਹੇਗੀ ਅਤੇ ਇਸ ਮਿਤੀ ਤੋਂ ਬਾਅਦ 15 ਅਪ੍ਰੈਲ ਤੱਕ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੇ ਬਕਾਇਆਜ਼ਾਤ ‘ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ 10 ਪ੍ਰਤੀਸ਼ਤ ਜੁਰਮਾਨਾ ਵਸੂਲ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ 125 ਵਰਗ ਗਜ਼ ਤੋ ਵੱਧ ਦੇ ਸਿੰਗਲ ਸਟੋਰੀ ਅਤੇ ਡਬਲ ਸਟੋਰੀ ਮਕਾਨ/ਪ੍ਰਾਪਰਟੀ ‘ਤੇ ਵੀ ਇਹ ਟੈਕਸ ਲੱਗਣਯੋਗ ਹੈ। ਉਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ, 2018 ਤੱਕ ਆਪਣਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਜਮਾਂ ਕਰਵਾ ਕੇ ਸਰਕਾਰ ਵੱਲੋ ਦਿੱਤੀ ਗਈ ਇਸ ਵਿਸ਼ੇਸ਼ ਛੋਟ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨਾਂ ਦੱਸਿਆ ਕਿ ਇਸ ਸਬੰਧੀ ਕੋਈ ਜ਼ਰੂਰੀ ਜਾਣਕਾਰੀ ਲੈਣ ਲਈ ਕਿਸੇ ਵੀ ਦਫ਼ਤਰੀ ਕੰਮ ਕਾਜ ਵਾਲੇ ਦਿਨ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 3 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।


