ਤੇਜਾਬ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਲਗਾਇਆ ਜਾਗਰੂਕਤਾ ਸੈਮੀਨਾਰ

ਮੋਗਾ 28 ਮਾਰਚ(ਜਸ਼ਨ)-ਤੇਜ਼ਾਬੀ ਹਮਲਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਨਾਲ ਪੀੜਤ ਵਿਅਕਤੀ ਦੀ ਜਿੰਦਗੀ ਤਬਾਅ ਹੋ ਜਾਂਦੀ ਹੈ ਅਤੇ ਕਈ ਵਾਰ ਪੀੜਤ ਦੀ ਮੌਤ ਵੀ ਹੋ ਜਾਂਦੀ ਹੈ, ਜਿਸ ਕਾਰਣ ਤੇਜ਼ਾਬੀ ਹਮਲੇ ਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਅਤੀ ਜ਼ਰੂਰੀ ਹਨ। ਇਹ ਪ੍ਰਗਟਾਵਾ ਸੀ.ਜੇ.ਐੱਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਜ਼ਿਲੇ ਵਿੱਚ ਤੇਜ਼ਾਬ ਦੀ ਵਿਕਰੀ, ਤੇਜ਼ਾਬੀ ਹਮਲਿਆਂ ਦੀ ਰੋਕਥਾਮ ਅਤੇ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਇਹ ਸੈਮੀਨਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸੁਖਪ੍ਰੀਤ ਸਿੰਘ ਸਿੱਧੂ ਅਤੇ ਉੱਪ ਕਪਤਾਨ ਪੁਲਿਸ ਕੇਸਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਸੀ.ਜੇ.ਐੱਮ. ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਦੱਸਿਆ ਕਿ ਤੇਜ਼ਾਬ ਪੀੜਤ ਮੁਆਵਜ਼ਾ ਸਕੀਮ 2017 ਤਹਿਤ ਤੇਜ਼ਾਬ ਪੀੜਤ ਨੂੰ 3 ਲੱਖ ਰੁਪਏ ਦੇ ਮੁਆਵਜ਼ੇ ਦਾ ਉਪਬੰਧ ਹੈ, ਜਦਕਿ ਤੇਜ਼ਾਬ ਪੀੜਤ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ਦੇ ਵਾਰਸਾਂ ਨੂੰ 5 ਲੱਖ ਰੁਪਏ ਬਤੌਰ ਮੁਆਵਜ਼ਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਤੇਜ਼ਾਬ ਪੀੜਤ ਦਾ ਸਾਰਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਜਿਸ ਵਿੱਚ ਦਵਾਈਆਂ, ਭੋਜਨ, ਪਲਾਸਟਿਕ ਸਰਜਰੀ ਆਦਿ ਸ਼ਾਮਿਲ ਹਨ। ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪੀੜਤ ਦੀ ਉਮਰ 14 ਸਾਲ ਤੋ ਘੱਟ ਹੋਵੇ ਤਾਂ ਮੁਆਵਜ਼ੇ ਦੀ ਰਕਮ ਵਿੱਚ 50 ਪ੍ਰਤੀਸ਼ਤ ਦੇ ਵਾਧੇ ਦਾ ਵੀ ਪ੍ਰਬੰਧ ਹੈ। ਉਨਾਂ ਦੱਸਿਆ ਕਿ ਕੋਈ ਵੀ ਦੁਕਾਨਦਾਰ ਜ਼ਿਲਾ ਮੈਜਿਸਟ੍ਰੇਟ ਤੋ ਪ੍ਰਾਪਤ ਲਾਇਸੰਸ ਤੋ ਬਗੈਰ ਤੇਜ਼ਾਬ ਵੇਚ ਨਹੀ ਸਕਦਾ ਅਤੇ ਦੁਕਾਨਦਾਰ ਸ਼ੱਕ ਪੈਣ ‘ਤੇ ਖ੍ਰੀਦਦਾਰ ਨੂੰ ਤੇਦੇਣ ਤੋ ਨਾਂਹ ਵੀ ਕਰ ਸਕਦਾ ਹੈ।ਉਨਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਸਜ਼ਾ ਦਾ ਭਾਗੀਦਾਰ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਟੋਲ ਫ੍ਰੀ ਹੈਲਪ-ਲਾਈਨ ਨੰਬਰ 1968 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋ ਤੇਜ਼ਾਬੀ ਹਮਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਰੋਕਣ ਲਈ ਸਾਨੂੰ ਸਾਂਝੇ ਤੌਰ ਤੇ ਯਤਨ ਕਰਨੇ ਚਾਹੀਦੇ ਹਨ। ਉਨਾਂ ਸੈਮੀਨਾਰ ਵਿੱਚ ਹਾਜ਼ਰ ਨਗਰ ਨਿਗਮ ਦੇ ਨੁਮਾਇੰਦੇ ਨੂੰ ਪੁਲਿਸ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਦੁਕਾਨਾਂ ਦੀ ਤੁਰੰਤ ਚੈਕਿੰਗ ਕਰਨ ਦੀ ਹਦਾਇਤ ਕੀਤੀ। ਉਨਾਂ ਆਮ ਲੋਕਾਂ ਨੂੰ ਤੇਜ਼ਾਬ ਦੀ ਵੇਚ ਸਬੰਧੀ ਨਿਯਮਾਂ ਦੀ ਉਲੰਘਣਾ ਬਾਰੇ ਮਾਮਲਾ ਧਿਆਨ ਵਿੱਚ ਆਉਣ ‘ਤੇ ਜ਼ਿਲਾ ਪ੍ਰਸ਼ਾਸ਼ਨ/ਪੁਲਿਸ ਪ੍ਰਸ਼ਾਸ਼ਨ ਨੂੰ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਐਨ.ਜੀ.ਓ. ਐਸ.ਕੇ. ਬਾਂਸਲ ਸਿਹਤ ਵਿਭਾਗ ਤੋ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗਗਨਦੀਪ ਸਿੰਘ, ਚੀਫ਼ ਸੈਨੇਟਰੀ ਅਫ਼ਸਰ ਸੰਦੀਪ ਕਟਾਰੀਆ, ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਪੈਰਾ ਲੀਗਲ ਵਾਲੰਟੀਅਰ ਗੁਰਬਰਗ ਸਿੰਘ, ਰਣਜੀਤ ਸਿੰਘ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।


