ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚੰਦ ਨਵਾਂ ਵਿਖੇ ਵਾਹਨਾਂ ਦੀ ਕੀਤੀ ਅਚਨਚੇਤ ਚੈਕਿੰਗ

ਮੋਗਾ 28 ਮਾਰਚ :(ਜਸ਼ਨ)-ਡਿਪਟੀ ਕਮਿਸਨਰ ਮੋਗਾ ਸ਼੍ਰ: ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਮੋੋਗਾ ਸ਼੍ਰੀ ਰਾਜੇਸ ਤਿ੍ਰਪਾਠੀ ਦੇ ਹੁਕਮਾਂ ਅਨੁਸਾਰ ਸੇਫ ਸਕੁੂਲ ਵਾਹਨ ਪਾਲਿਸੀ ਤਹਿਤ ਜਿਲਾ ਬਾਲ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਪਰਮਜੀਤ ਕੌਰ ਵੱਲੋ ਇੰਸਪੈਕਸ਼ਨ ਕਮੇਟੀ ਨਾਲ ਤਾਲਮੇਲ ਕਰਕੇ ਚੰਦ ਨਵਾਂ ਵਿਖੇ ਅਚਨਚੇਤ ਹੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨਾਂ ਵੱਲੋਂ ਬੱਸਾਂ ਦੀ ਹਾਲਤ ਸੀ.ਸੀ.ਟੀ.ਵੀ ਕੈਮਰੇ, ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਸੀਟ ਬੈਲਟ, ਐਮਰਜੈਸੀ ਵਿੰਡੋ, ਬੱਸਾਂ ਦੇ ਕਾਗਜ਼ ਪੱਤਰ ਅਤੇ ਬੱਸ ਡਰਾਈਵਰਾਂ ਦੇ ਲਾਇਸੰਸ ਆਦਿ ਦੇਖੇ ਗਏ। ਇਸ ਮੌਕੇ ਦੋ ਬੱਸਾਂ ਵਿੱਚ ਅੱਗ ਬੁਝਾਊ ਯੰਤਰ, ਫਸਟ ਏਡ ਕਿੱਟਾਂ ਦੀ ਹਾਲਤ ਠੀਕ ਨਹੀ ਸੀ ਅਤੇ ਬੱਚਿਆਂ ਦੇ ਬੈਠਣ ਲਈ ਸੀਟਾਂ ਦੀ ਜਗਾ ਫੱਟੇ ਲੱਗੇ ਹੋਏ ਸਨ। ਉਨਾਂ ਕਾਰਵਾਈ ਕਰਦਿਆਂ ਤੁਰੰਤ ਮੌਕੇ ‘ਤੇ ਹੀ ਚਲਾਨ ਕੀਤੇ ਗਏ। ਇਸ ਸਮੇ ਤਰਸੇਮ ਸਿੰਘ ਏ.ਐਸ.ਆਈ. ਇੰਚਾਰਜ ਐਜੂਕੇਸ਼ਨ ਸੈੱਲ ਜਿਲਾ ਮੋਗਾ ਵੱਲੋ ਬੱਸਾਂ ਦੇ ਡਰਾਈਵਰਾਂ ਦੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸੁਰੱਖਿਆ ਡਰਾਈਵਿੰਗ ਨਿਯਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਜਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਹੀ ਸਾਰੇ ਸਕੂਲਾਂ ਦੇ ਵਾਹਨ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


