ਲੁਧਿਆਣਾ,ਬਰਨਾਲਾ,ਕੋਟਕਪੂਰਾ,ਬਠਿੰਡਾ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈ-ਪਾਸ ਜਦਕਿ ਫਿਰੋਜਪੁਰ, ਫ਼ਰੀਦਕੋਟ ਆਦਿ ਨੂੰ ਜਾਣ ਵਾਲੀਆਂ ਬੱਸਾਂ ਤਿਕੋਣੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਜਾਣਗੀਆਂ- ਜਿਲਾ ਮੈਜਿਸਟ੍ਰੇਟ

ਮੋਗਾ 29 ਮਾਰਚ(ਜਸ਼ਨ)-ਜਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਵੱਲੋਂ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਬੱਸ ਅੱਡਾ ਮੋਗਾ ਤੋਂ ਬੱਸਾਂ ਦੀ ਆਵਾਜਾਈ ‘ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿੰਨਾਂ ਤਹਿਤ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈ-ਪਾਸ ਅਤੇ ਫਿਰੋਜਪੁਰ, ਫ਼ਰੀਦਕੋਟ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਤਿਕੋਨੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਕੀਤਾ ਗਿਆ ਸੀ। ਹੁਣ ਜਿਲਾ ਮੈਜਿਸਟ੍ਰੇਟ ਵੱਲੋ ਇਨਾਂ ਹੁਕਮਾਂ ‘ਚ 31 ਮਈ 2018 ਤੱਕ ਵਾਧਾ ਕੀਤਾ ਗਿਆ ਹੈ। ਜਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੋਗਾ ਸਹਿਰ ਅੰਦਰ ਨੈਸਨਲ ਹਾਈਵੇ ਮਾਰਗ 95 ਦੀ ਕੰਸਟ੍ਰਕਸਨ ਦਾ ਕੰਮ ਚੱਲਦਾ ਹੋਣ ਕਰਕੇ ਟ੍ਰੈਫਿਕ ਦੀ ਕਾਫੀ ਸਮੱਸਿਆ ਹੈ ਅਤੇ ਜੇਕਰ ਬੱਸਾਂ ਦੀ ਐਂਟਰੀ ਸਹਿਰ ਵਿੱਚ ਦੀ ਕਰ ਦਿੱਤੀ ਜਾਂਦੀ ਹੈ, ਤਾਂ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਹੋਰ ਵਧੇਗੀ ਅਤੇ ਕੰਸਟ੍ਰਕਸਨ ਦੇ ਕੰਮ ਦੀ ਚਾਲ ਵੀ ਧੀਮੀ ਪਵੇਗੀ। ਉਨਾਂ ਦੱਸਿਆ ਕਿ ਸਮੂਹ ਟ੍ਰਾਂਸਪੋਰਟਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਇਸ ਮੁੱਦੇੇ ‘ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਬੱਸਾਂ ਨੂੰ ਇੱਕ ਪਾਸੇ (ਬੱਸ ਸਟੈਂਡ ਨੂੰ ਆਉਣ ਵੇਲੇ ਜਾਂ ਬੱਸ ਸਟੈਂਡ ਨੂੰ ਜਾਣ ਵੇਲੇ) ਸਹਿਰ ਵਿੱਚ ਦੀ ਜੀ.ਟੀ ਰੋਡ ਤੋਂ ਲੰਘਣ ਦੀ ਇਜਾਜਤ ਦਿੱਤੀ ਜਾਣੀ ਵਾਜਿਬ ਹੋਵੇਗੀ। ਇਸ ਲਈ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ‘ਚ ਹੋਰ ਵਾਧਾ ਕਰਦੇ ਹੋਏ ਮੋਗਾ ਤੋਂ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਨੂੰ ਬੱਸ ਸਟੈਂਡ ਤੋ ਜਾਣ ਵੇਲੇ ਜੀ.ਟੀ. ਰੋਡ ਰਾਹੀਂ ਜਾਣ ਦੀ ਇਜਾਜਤ ਹੋਵੇਗੀ ਅਤੇ ਵਾਪਸ ਆਉਣ ਵੇਲੇ ਇਹ ਬੱਸਾਂ ਬੁੱਘੀਪੁਰਾ ਚੌਕ ਤੋਂ ਵਾਇਆ ਲੁਹਾਰਾ ਚੌਕ-ਬੱਸ ਸਟੈਂਡ ਆਉਣਗੀਆਂ। ਇਸੇ ਤਰਾਂ ਫਿਰੋਜਪੁਰ, ਫਰੀਦਕੋਟ ਆਦਿ ਨੂੰ ਜਾਣ ਵਾਲੀਆਂ ਬੱਸਾਂ ਬੱਸ ਸਟੈਂਡ ਤੋਂ ਤਿਕੋਨੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਜਾਣਗੀਆਂ, ਜਦ ਕਿ ਆਉਣ ਵਾਲੀਆਂ ਬੱਸਾਂ ਜੀ.ਟੀ ਰੋਡ ਰਾਹੀਂ ਬੱਸ ਸਟੈਂਡ ਨੂੰ ਆਉਣਗੀਆਂ।


