ਸਰਕਾਰੀ ਹਸਪਤਾਲਾਂ ਦੀ ਸਾਫ-ਸਫਾਈ ਲਈ ਮਨਾਇਆ ਜਾਵੇਗਾ ਪੰਦਰਵਾੜਾ

ਚੰਡੀਗੜ੍ਹ, 29 ਮਾਰਚ:(ਪੱਤਰ ਪਰੇਰਕ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਾਕਰੀ ਹਸਪਤਾਲਾਂ ਦੀ ਸਾਫ-ਸਫਾਈ ਦੇ ਲਈਂ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ ਨੂੰ ‘ਸਵੱਛਤਾ ਸੇ ਸਿੱਧੀ‘ ਨਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪੰਦਰਵਾੜਾ ਸਵੱਛ ਭਾਰਤ ਅਭਿਆਨ ਅਧੀਨ 1 ਅਪ੍ਰੈਲ, 2018 ਤੋਂ 15 ਅਪ੍ਰੈਲ 2018 ਤੱਕ ਮਨਾਇਆ ਜਾਵੇਗਾ। ਇਸ ਦੇ ਪਹਿਲੇ ਦਿਨ 1 ਅਪ੍ਰੈਲ ਨੂੰ ਸਵੇਰੇ ਸਵੱਛਥਾ ਸਬੰਧੀ ਸਹੁੰ ਚੁਕਾਈ ਜਾਵੇਗੀ। ਇਸੇ ਤਰ੍ਹਾਂ 7 ਅਪ੍ਰੈਲ ਨੂੰ ਵੀ ਵਿਸ਼ਵ ਸਿਹਤ ਦਿਵਸ ਨਾਲ ਜੋੜ ਕੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਅਤੇ ਇਸ ਦੇ ਆਲੇ ਦੁਆਲੇ ਸਵੱਛਤਾ ਅਭਿਆਨ ਸਕੂਲਾਂ, ਕਾਲਜਾਂ, ਪ੍ਰਾਈਵੇਟ ਹਸਪਤਾਲਾਂ, ਸਮਾਜਿਕ ਸੰਸਥਾਵਾਂ ਅਤੇ ਹੋਰ ਸਮਾਜਿਕ ਲੋਕਾਂ ਦੀ ਮਦਦ ਨਾਲ ਚਲਾਇਆ ਜਾਵੇਗਾ। ਹਰੇਕ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ, ਲੋਕ ਗੀਤਾਂ ਤੇ ਹੋਰ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਵੱਛਤਾ ਅਭਿਆਨ ਸਰਕਾਰੀ ਹਸਪਤਾਲਾਂ ਲਈ ਮਹੱਤਵਪੂਰਣ ਸਾਬਿਤ ਹੋਵੇਗਾ।ਇਸ ਪੰਦਰਵਾੜੇ ਅਧੀਨ ਗਲੀਆਂ, ਜਨਤਕ ਥਾਵਾਂ, ਹਸਪਤਾਲਾਂ ਦੇ ਅੰਦਰ ਤੇ ਬਾਹਰ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਦੀ ਹਫ਼ਤਾਵਰ ਰਿਪੋਰਟਿੰਗ ਕਰਵਾਈ ਜਾਵੇਗੀ।


