ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ, ਪਕੜੇ ਗਏ ਵਿਅਕਤੀਆਂ ਨੇ ਮੰਨਿਆ ਕਿ ਨਗਰ ਕੌਂਸਲ ਪ੍ਰਧਾਨ ਇੰਦਰਜੀਤ ਜੌਲੀ ਦੀ ਗੱਡੀ ਨੂੰ ਉਹਨਾਂ ਨੇ ਹੀ ਲਗਾਈ ਸੀ ਅੱਗ

ਨਿਹਾਲ ਸਿੰਘ ਵਾਲਾ,31 ਮਾਰਚ (ਲਛਮਣਜੀਤ ਸਿੰਘ ਪੁਰਬਾ)-ਪਿਛਲੇ ਦਿਨੀਂ ਨਿਹਾਲ ਸਿੰਘ ਵਾਲਾ ਦੇ ਨਗਰ ਕੌਂਸਲ ਪ੍ਰਧਾਨ ਇੰਦਰਜੀਤ ਜੌਲੀ ਗਰਗ ਨੂੰ ਫੋਨ ’ਤੇ ਧਮਕੀਆਂ ਮਿਲਣ ਅਤੇ ਉਹਨਾਂ ਦੇ ਘਰ ਅੱਗੇ ਖੜੀ ਗੱਡੀ ਨੂੰ ਅੱਗ ਲਗਾ ਦੇਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਛੇ ਵਿਅਕਤੀਆਂ ਵਿਚੋਂ ਤਿੰਨ ਵਿਅਕਤੀਆਂ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅੱਜ ਮੋਗਾ ਵਿਖੇ ਐੱਸ ਪੀ ਡੀ ਵਜੀਰ ਸਿੰਘ ਖਹਿਰਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਫੜੇ ਗਏ ਤਿੰਨ ਵਿਅਕਤੀਆਂ ’ਚੋਂ ਦੋ ਵਿਅਕਤੀਆਂ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਇਤਲਾਹ ਮਿਲੀ ਸੀ ਕਿ ਜੀਰਾ ਅਤੇ ਮੋਗਾ ਦੇ ਰਹਿਣ ਵਾਲੇ ਤਿੰਨ ਵਿਅਕਤੀ ਨਸ਼ੀਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਦੇ ਨੇ ਤੇ ਇਹਨਾਂ ਕੋਲ ਨਜਾਇਜ਼ ਅਸਲਾ ਵੀ ਹੈ । ਜਿਸ ’ਤੇ ਪੁਲਿਸ ਨੇ ਮਹਿਮੇਆਣਾ ਰੋਡ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤੇ ਇਸੇ ਨਾਕਾਕਬੰਦੀ ਦੌਰਾਨ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਜਿਸ ਵਿਚ ਤਿੰਨ ਵਿਅਕਤੀ ਸਵਾਰ ਸੀ, ਦੀ ਰੋਕ ਕੇ ਤਾਲਾਸ਼ੀ ਲਈ ਤਾਂ ਮੌਕੇ ’ਤੇ ਉਹਨਾਂ ਕੋਲੋਂ 500 ਗਰਾਮ ਦੀ ਕਰੀਬ ਨਸ਼ੀਲਾ ਪਾੳੂਡਰ ,32 ਬੋਰ ਦੇ 2 ਰਿਵਾਲਵਰ ਅਤੇ 4 ਕਾਰਤੂਸ ਬਰਾਮਦ ਕੀਤੇ । ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ,ਜਿਸ ਦੌਰਾਨ ਉਹਨਾਂ ਮੰਨਿਆ ਕਿ 13 ਮਾਰਚ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਨਗਰ ਕੌਂਸਲ ਪ੍ਰਧਾਨ ਦੀ ਇਨੋਵਾ ਗੱਡੀ ਨੂੰ ਅੱਗ ਲਗਾਈ ਸੀ । ਅੱਜ ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਦਿਆਂ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।


