ਕਿਸਾਨ ਸਿਖਲਾਈ ਕੈਂਪ : ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਲਈ ਵਿਸ਼ੇਸ਼ ਯਤਨ ਜਾਰੀ-ਸੁਖਜੀਤ ਸਿੰਘ ਲੋਹਗੜ

ਮੋਗਾ 3 ਅਪ੍ਰੈਲ:(ਜਸ਼ਨ)ਖੇਤੀਬਾੜੀ ਵਿਭਾਗ ਮੋਗਾ ਵੱਲੋਂ ਸਾਉਣੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਜੀ ਆਰ ਰਿਜੋਰਟ, ਪਿੰਡ ਸਿੰਘਾਂਵਾਲਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ ਅਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਕੈਂਪ ਦੀ ਪ੍ਰਧਾਨਗੀ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁੱਟਸ) ਡਾ: ਜਗਤਾਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਉਨਾਂ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਭਾਗਾਂ, ਖੇਤੀ ਮਸ਼ੀਨਰੀ ਅਤੇ ਭੌ ਪਰਖ ਦੀ ਮਹੱਤਤਾ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ’ਤੇ ਪੰਜ ਪੰਜ ਫ਼ਲਦਾਰ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਆਲੋਪ ਹੋ ਰਹੀਆਂ ਪੰਛੀਆਂ ਦੀਆਂ ਜਾਤੀਆਂ ਨੂੰ ਬਚਾਇਆ ਜਾ ਸਕੇ। ਇਨਾਂ ਪ੍ਰਦਰਸ਼ਨੀਆਂ ਨੂੰ ਕਿਸਾਨਾਂ ਨੇ ਉਤਸੁਕਤਾ ਨਾਲ ਵੇਖਿਆ।
        ਵਿਧਾਇਕ ਮੋਗਾ ਸ. ਸੁਖਜੀਤ ਸਿੰਘ ਲੋਹਗੜ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਇਸ ਵਾਰ ਦੇ ਬਜਟ ਵਿੱਚ ਵੀ ਫ਼ਸਲੀ ਵਿਭਿੰਨਤਾ ਤੇ ਸਹਾਇਕ ਧੰਦਿਆਂ ਲਈ ਬਹੁ-ਪੱਖੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਇਸ ਕਿਸਾਨ ਸਿਖਲਾਈ ਕੈਪ ਦਾ ਮੁੱਖ ਮੰਤਵ ਆਗਾਮੀ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦੇਣਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਰਾਇ ਅਨੁਸਾਰ ਹੀ ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਅੰਧਾ-ਧੁੰਦ ਤੇ ਬੇਲੋੜੀਆਂ ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਾਉਣੀ ਸੀਜ਼ਨ ਵਿੱਚ ਖੇਤੀ ਮਾਹਿਰਾਂ ਦੀ ਰਾਇ ਅਨੁਸਾਰ ਯੋਜਨਾ-ਬੱਧ ਢੰਗ ਨਾਲ ਸਾਰੀਆਂ ਹੀ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ, ਤਾਂ ਜੋ ਫ਼ਸਲੀ ਵਿਭਿੰਨਤਾ ਅਪਣਾਈ ਜਾ ਸਕੇ ਅਤੇ ਆਪਣੀਆਂ ਫ਼ਸਲਾਂ ਦਾ ਮੁੱਲ ਵੀ ਵਧੀਆ ਪ੍ਰਾਪਤ ਕੀਤਾ ਜਾ ਸਕੇ।
        ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਸ. ਦਿਲਰਾਜ ਸਿੰਘ ਨੇ  ਕਿਸਾਨਾਂ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਵਾਹਿਆ ਜਾਵੇ। ਉਨਾਂ ਦੱਸਿਆ ਕਿ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਮਨੁੱਖੀ ਸਰੀਰ ਲਈ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਫ਼ੈਲਦੀਆਂ ਹਨ ਉੱਥੇ ਜ਼ਮੀਨ ਵਿੱਚ ਮੌਜੂਦ ਮਿੱਤਰ-ਕੀੜੇ ਅਤੇ ਹੋਰ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨਾਂ ਕਿਹਾ ਕਿ ਕਿਸਾਨ ਵੀਰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਜ਼ਰੂਰ ਅਪਨਾਉਣ, ਤਾਂ ਜੋ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
        ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁੱਟਸ) ਡਾ: ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਵੀਰ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਆਪਣੇ ਖੇਤੀ ਇਨਪੁਟਸ ਦੀ ਵਰਤੋ ਕਰਨ। ਉਨਾਂ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨਾਂ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਖੇਤੀ ਵਿੱਚ ਖਾਦਾਂ ਦੀ ਵਰਤੋ ਦਾ ਮਹੱਤਵਪੂਰਨ ਰੋਲ ਹੈ, ਇਸ ਲਈ ਕਿਸਾਨ ਵੀਰ ਆਪਣੇ ਖੇਤ ਦੀ ਮਿੱਟੀ ਜ਼ਰੂਰ ਚੈੱਕ ਕਰਵਾਉਣ ਅਤੇ ਪਰਖ ਰਿਪੋਰਟਾਂ ਦੇ ਆਧਾਰ ‘ਤੇ ਹੀ ਖਾਦਾਂ ਦੀ ਵਰਤੋ ਕਰਨ।
        ਇਸ ਕਿਸਾਨ ਸਿਖਲਾਈ ਕੈਪ ਵਿੱਚ ਡਿਪਟੀ ਡਾਇਰੈਕਟਰ ਕੇ.ਵੀ.ਕੇ. ਡਾ: ਅਮਨਦੀਪ ਸਿੰਘ ਨੇ ਸਾਉਣੀ ਦੀਆਂ ਫ਼ਸਲਾਂ ਦੇ ਸੁਚੱਜੇ ਨਦੀਨ ਪ੍ਰਬੰਧ, ਡਾ. ਹਰਵੀਨ ਕੌਰ ਨੇ ਕਿਸਾਨਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ, ਫ਼ਸਲ ਵਿਗਿਆਨੀ ਡਾ: ਅਮਨਪ੍ਰੀਤ ਕੌਰ ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਪ੍ਰਮਾਨਿਤ ਕਿਸਮਾਂ ਅਤੇ ਕਾਸ਼ਤਕਾਰੀ ਢੰਗਾਂ ਬਾਰੇ, ਡਾ: ਜਗਜੋਤ ਸਿੰਘ ਨੇ ਸਾਉਣੀ ਦੀਆਂ ਫ਼ਸਲਾਂ ਦੇ ਸੁਚੱਜੇ ਖਾਦ ਪ੍ਰਬੰਧ, ਇੰਜੀ. ਅੰਕਿਤ ਸ਼ਰਮਾ ਨੇ ਖੇਤੀਬਾੜੀ ‘ਚ ਮਸ਼ੀਨਾਂ ਦੀ ਅਹਿਮ ਭੂਮਿਕਾ ਅਤੇ ਡਾ: ਅਰਸ਼ਦੀਪ ਕੌਰ ਨੇ ਸਾਉਣੀ ਦੀਆਂ ਫ਼ਸਲਾਂ ਦਾ ਬਹੁ-ਪੱਖੀ ਕੀਟ ਪ੍ਰਬੰਧ ਤੇ ਬੀਮਾਰੀਆਂ ਦੀ ਰੋਕਥਾਮ ਅਤੇ ਡਾ: ਹਰਸਿਮਰਨ ਕੌਰ ਮਾਣੀ ਨੇ ਖੇਤੀ ਖਰਚਿਆਂ ਦੇ ਹਿਸਾਬ-ਕਿਤਾਬ ਤੇ ਮੰਡੀਕਰਨ ਦੀਆਂ ਸਹੂਲਤਾਂ ਬਾਰੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ।
        ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਹਰਿੰਦਰਜੀਤ ਸਿੰਘ ਨੇ ਕਂੈਪ ਵਿੱਚ ਆਏ ਕਿਸਾਨਾਂ, ਵੱਖ-ਵੱਖ ਵਿਭਾਗਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸਾਨ ਵੀਰ ਸਹਾਇਕ ਧੰਦੇ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਸਥਾਪਿਤ ਕਰਨ ਲਈ ਤਰਜੀਹ ਦੇਣ। ਡਾ. ਬਲਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਜਿਲਾ ਮੋਗਾ ਵਿੱਚ ਚੱਲ ਰਹੀਆਂ ਆਤਮਾ ਸਕੀਮਾਂ ਸਬੰਧੀ ਦੱਸਿਆ। ਡਾ. ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕੁਆਲਿਟੀ ਕੰਟਰੋਲ ਸਬੰਧੀ ਕਿਸਾਨਾਂ ਨੂੰ ਜਾਣੂੰ ਕਰਵਾਇਆ। 
        ਇਸ ਕਿਸਾਨ ਸਿਖਲਾਈ ਕੈਂਪ ਵਿੱਚ ਵਿੱਚ ਅਵਤਾਰ ਸਿੰਘ ਪੀ ਏ ਟੂ ਸੁਖਜੀਤ ਸਿੰਘ ਕਾਕਾ ਲੋਹਗੜ ,ਅਗਾਂਹ-ਵਧੂ ਕਿਸਾਨ ਨਿਰਮਲ ਸਿੰਘ ਮਾਣੂੰਕੇ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਡਾ. ਮਨਜੀਤ ਸਿੰਘ, ਡਾ. ਹਰਨੇਕ ਸਿੰਘ ਰੋਡੇ, ਡਾ. ਨਵਦੀਪ ਸਿੰਘ, ਡਾ. ਕੁਲਵਿੰਦਰ ਸਿੰਘ, ਡਾ: ਸੁਖਦੇਵ ਸਿੰਘ, ਡਾ. ਜਰਨੈਲ ਸਿੰਘ, ਡਾ. ਤਰਨਜੀਤ ਸਿੰਘ, ਡਾ. ਗੁਰਮਿੰਦਰ ਸਿੰਘ ਬਰਾੜ, ਡਾ. ਧਰਮਵੀਰ ਸਿੰਘ, ਡਾ. ਗੁਰਬਾਜ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਸੁਖਰਾਜ ਕੌਰ, ਡਾ. ਬਲਜਿੰਦਰ ਸਿੰਘ, ਇੰਜੀਨੀਅਰ ਸਤਿੰਦਰਪਾਲ ਸਿੰਘ, ਬਲਕਾਰ ਸਿੰਘ ਇੰਸਪੈਕਟਰ ਨਾਪਤੋਲ,ਅਮਰਜੀਤ ਸਿੰਘ ਤਲਵੰਡੀ ਭੰਗੇਰੀਆਂ, ਕਿਸਾਨਾਂ ਦੇ ਭਾਰੀ ਇਕੱਠ ਤੋ ਇਲਾਵਾ ਖੇਤੀਬਾੜੀ ਅਤੇ ਆਤਮਾ ਦਾ ਸਮੁੱਚਾ ਸਟਾਫ ਹਾਜ਼ਰ ਸੀ। ਇਸ ਕੈਂਪ ਵਿੱਚ ਮੰਚ ਦਾ ਸੰਚਾਲਨ ਡਾ. ਜਸਵਿੰਦਰ ਸਿੰਘ ਬਰਾੜ ਨੇ ਬਾਖੂਬੀ ਨਿਭਾਇਆ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ