ਵੰਚਿਤ ਅਤੇ ਝੁੱਗੀ ਝੋਪੜੀ ਦੇ ਬੱਚਿਆਂ ਦੀ ਪੜਾਈ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ-ਸੀ.ਜੇ.ਐਮ.ਵਿਨੀਤ ਕੁਮਾਰ ਨਾਰੰਗ

ਮੋਗਾ 3 ਅਪ੍ਰੈਲ(ਜਸ਼ਨ)-ਮਾਨਯੋਗ ਸ੍ਰੀ ਰਾਜਿੰਦਰ ਅਗਰਵਾਲ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਵੰਚਿਤ ਅਤੇ ਝੁੱਗੀ ਝੋਪੜੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੜਾਉਣ ਲਈ ਅਤੇ ਉਨਾਂ ਦੀ ਭਲਾਈ ਲਈ ਨਾਲਸਾ (ਚਾਈਲਡ ਫ਼ਰੈਡਲੀ ਲੀਗਲ ਸਰਵਿਸਜ਼ ਟੁ ਚਿਲਡ੍ਰਨ ਐਂਡ ਦਿਅਰ ਪ੍ਰੋਟੈਕਸ਼ਨ) ਸਕੀਮ-2015 ਤਹਿਤ ਇੱਕ ਕਮੇਟੀ ਗਠਿਤ ਕੀਤੀ ਗਈ ਸੀ, ਤਾਂ ਜੋ ਇਨਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕੇ।ਇਸ ਮੰਤਵ ਲਈ ਇਸ ਕਮੇਟੀ ਵੱਲੋਂ ਅੱਜ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਮੋਗਾ ਦੇ ਦਫ਼ਤਰ ਵਿਖੇ ਇਸ ਕਮੇਟੀ ਦੇ ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐੱਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਕਿ ਸਰਵ ਸਿੱਖਿਆ ਅਭਿਆਨ ਵੱਲੋਂ ਸਪੈਸ਼ਲ ਟੀਚਰ, ਈ.ਜੀ.ਐੱਸ, ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਆਊਟਰੀਚ ਵਰਕਰ ਤੇ ਸੋਸ਼ਲ ਵਰਕਰਸ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਪੀ.ਐੱਲ.ਵੀਜ਼. ਦੀ ਸਾਂਝੀ ਟੀਮ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਬੱਚਿਆਂ ਦੀ ਪਛਾਣ ਕਰਕੇ ਉਨਾਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਅਤੇ ਸੈਮੀਨਾਰ ਲਗਾਏ ਜਾਣਗੇ। ਇਹ ਕੈਂਪ 5 ਅਪ੍ਰੈਲ, 2018 ਤੋਂ ਸ਼ੁਰੂ ਹੋਣਗੇੇ ਤਾਂ ਜੋ ਇਨਾਂ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਪੜਨ ਲਈ ਭੇਜਣ ਹਿਤ ਪ੍ਰੇਰਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ, ਰਾਮ ਦਾਸ ਨਗਰ, ਮੋਗਾ ਵਿਖੇ ਭੇਜਿਆ ਜਾਵੇਗਾ। ਇਸ ਸਬੰਧੀ ਕਮੇਟੀ ਦੇ ਚੇਅਰਮੈਨ ਵਿਨੀਤ ਕੁਮਾਰ ਨਾਰੰਗ ਅਤੇ ਕਮੇਟੀ ਦੇ ਬਾਕੀ ਮੈਂਬਰਾਂ ਵੱਲੋਂ 4 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੁੂਲ, ਰਾਮ ਦਾਸ ਨਗਰ ਵਿਖੇ ਦੌਰਾ ਵੀ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ, ਜ਼ਿਲਾ ਐਨ.ਜੀ.ਓ.ਕੋ-ਆਰਡੀਨੇਟਰ ਐਸ.ਕੇ.ਬਾਂਸਲ, ਸਰਬਪ੍ਰੀਤ ਸਿੰਘ ਬਾਲ ਸੁਰੱਖਿਆ ਅਫ਼ਸਰ, ਜੈਵਲ ਜੈਨ ਕੋ-ਆਰਡੀਨੇਟਰ, ਸਰਵ ਸਿੱਖਿਆ ਅਭਿਆਨ, ਭਾਰਤ ਭੂਸ਼ਣ ਲਾਅ ਅਫ਼ਸਰ, ਜਸਬੀਰ ਸਿੰਘ ਜ਼ਿਲਾ ਸਿੱਖਿਆ ਦਫਤਰ, ਡਾ. ਦੀਪਕ ਕੋਛੜ ਅਤੇ ਇੰਸਪੈਕਟਰ ਬਿਟਨ ਕੁਮਾਰ ਆਦਿ ਸ਼ਾਮਲ ਸਨ।


