ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਹੜਤਾਲ ਦੀ ਤਿਆਰੀ ਲਈ ਹੰਗਾਮੀ ਮੀਟਿੰਗ ਕੀਤੀ

ਸਮਾਲਸਰ, 04 ਅਪ੍ਰੈਲ (ਗਗਨਦੀਪ ਸ਼ਰਮਾ)- ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜਨ ਸਮਾਲਸਰ ਦੇ ਬਿਜਲੀ ਕਾਮਿਆਂ ਨੇ 11 ਅਪ੍ਰੈਲ ਦੀ ਹੜਤਾਲ ਦੀ ਤਿਆਰੀ ਲਈ ਸਬ ਡਵੀਜਨ ਦਫਤਰ ਸਮਾਲਸਰ ਵਿਖੇ ਜਰਨਲ ਬਾਡੀ ਦੀ ਹੰਗਾਮੀ ਮੀਟਿੰਗ ਅਤੇ ਰੈਲੀ ਕੀਤੀ। ਇਸ ਮੀਟਿੰਗ ਅਤੇ ਰੈਲੀ ਦੀ ਅਗਵਾਈ ਸਬ ਡਵੀਜਨ ਦੇ ਸਕੱਤਰ ਜਲੌਰ ਸਿੰਘ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀਆ ਨੀਤੀਆਂ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਤਹਿਤ ਸਰਕਾਰੀ ਥਰਮਲ ਪਲਾਟ ਬੰਦ ਕਰਕੇ ਅਤੇ ਪ੍ਰਾਈਵੇਟ ਥਰਮਲ ਤੋ ਮਹਿੰਗੀ ਬਿਜਲੀ ਖਰੀਦ ਕੇ ਖਪਤਕਾਰਾਂ ਸਿਰ ਵਾਧੂ ਭਾਰ ਪਾਇਆ ਜਾ ਰਿਹਾ ਹੈ।  66 ਕੇ.ਵੀ. ਅਤੇ  132 ਕੇ.ਵੀ. ਗਰਿੱਡ ਸਕਾਡਾ ਸਿਸਟਮ (ਮਾਨਵ ਰਹਿਤ) ਅਧੀਨ ਲਿਆ ਕੇ ਕੰਮ ਕਰਦੇ ਸਟਾਫ ਨੂੰ ਬਦਲ ਕੇ ਨਿੱਜੀਕਰਨ ਵੱਲ ਧੱਕਿਆ ਜਾ ਰਿਹਾ ਹੈ। ਇਸੇ ਵਜ੍ਹਾ ਨਾਲ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਮੰਗ ਕੀਤੀ ਕਿ ਡਿਸਮਿਸ ਆਗੂ ਬਹਾਲ ਕੀਤੇ ਜਾਣ, ਹਰ ਤਰ੍ਹਾਂ ਦੀ ਵਿਕਟੇਮਾਈਜੇਸ਼ਨਾਂ ਹੱਲ ਕੀਤੀਆਂ ਜਾਣ, ਪੱਕੀ ਭਰਤੀ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਲਗਾਤਾਰ ਕੰਮ ਦਿੱਤਾ ਜਾਵੇ। ਕਰਮਚਾਰੀਆਂ ਦੀ ਤਰੱਕੀ ਲਈ ਕੱਟ ਆਫ ਡੇਟ ਚ ਵਾਧਾ ਕੀਤਾ ਜਾਵੇ, ਟਰੇਡ ਯੂਨੀਅਨ ਹੱਕ ਬਹਾਲ ਕੀਤੇ ਜਾਣ। ਆਗੂਆਂ ਨੇ ਕਾਮਿਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 11 ਅਪ੍ਰੈਲ ਦੀ ਹੜਤਾਲ ਕਰਕੇ ਸਬ ਡਵੀਜਨ, ਡਵੀਜਨ ਪੱਧਰ ‘ਤੇ ਸਾਂਝੀਆਂ ਰੈਲੀਆਂ ਅਤੇ ਮੁਜਾਹਰੇ ਕੀਤੇ ਜਾਣ। ਇਸ ਮੀਟਿੰਗ ਸਬੰਧੀ ਮੀਡੀਆ ਨੂੰ ਜਾਣਕਾਰੀ ਸਹਾਇਕ ਸਕੱਤਰ ਜਸਕਰਨ ਸਿੰਘ ਵੱਲੋਂ ਦਿੱਤੀ ਗਈ। ਇਸ ਸਮੇਂ ਬਿਜਲੀ ਕਾਮਿਆ ਤੋ ਇਲਾਵਾ ਸਰਕਲ ਪ੍ਰਧਾਨ ਰਛਪਾਲ ਸਿੰਘ, ਸਰਕਲ ਸਕੱਤਰ ਸਵਰਨ ਸਿੰਘ ਔਲਖ, ਗੁਰਤੇਜ ਸਿੰਘ ਔਲਖ  ਹਾਜ਼ਰ ਸਨ।