ਚੰਡੀਗੜ ਰੈਲੀ ਤੋਂ ਵਾਪਸੀ ਸਮੇਂ ਸੜਕ ਹਾਦਸਿਆਂ ’ਚ 2 ਕਿਸਾਨ ਮਰੇ, 3 ਜ਼ਖਮੀ,ਜਥੇਬੰਦੀਆਂ ਨੇ 10-10 ਲੱਖ ਦੇ ਮੁਆਵਜ਼ੇ ਦੀ ਕੀਤੀ ਮੰਗ

ਚੰਡੀਗੜ 4 ਅਪ੍ਰੈਲ (ਜਸ਼ਨ) ਕਿਸਾਨ ਕਰਜ਼ਾ-ਮੁਕਤੀ ਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ 7 ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਭਾਰੀ ਰੈਲੀ ਤੋਂ ਵਾਪਸ ਪਰਤਦੇ ਸਮੇਂ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਹਿਲਾ ਹਾਦਸਾ ਚੰਨੋ (ਸੰਗਰੂਰ) ਲਾਗੇ ਸੜਕ ਪਾਰ ਕਰ ਰਹੇ 60 ਸਾਲ ਦੇ ਕਿਸਾਨ ਅਜ਼ਮੇਰ ਸਿੰਘ ਕਾਹਨਗੜ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੁਆਰਾ ਕੁਚਲਕੇ ਦੌੜ ਜਾਣ ਸਮੇਂ ਵਾਪਰਿਆ, ਜਿਸਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਪ੍ਰੰਤੂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਅੱਜ ਸਵੇਸ ਸਾਰ ਦਮ ਤੋੜ ਗਿਆ। ਉਹ ਢਾਈ ਏਕੜ ਦਾ ਮਾਲਕ ਸੀ ਅਤੇ ਉਹ ਆਪਣੇ ਪਿੱਛੇ ਇੱਕੋ ਇੱਕ ਸ਼ਾਦੀਸ਼ੁਦਾ ਲੜਕਾ ਤੇ ਉਸ ਦਾ ਪਰਿਵਾਰ ਛੱਡ ਕੇ ਗਿਆ ਹੈ। ਦੂਜਾ ਹਾਦਸਾ ਕਿਸਾਨਾਂ ਦੇ ਵਾਹਨ ’ਚ ਨੁਕਸ ਪੈਣ ਕਾਰਨ ਬਨੂੜ ਲਾਗੇ ਸੜਕ ਤੋਂ ਪਾਸੇ ਬੈਠਿਆਂ ਉੱਪਰ ਤੇਜ ਰਫਤਾਰ ਅਛਪਛਾਤਾ ਵਾਹਨ ਚੜਾਉਣ ਕਾਰਨ ਵਾਪਰਿਆ। ਜ਼ਖਮੀ ਹੋਏ 4ਜਣਿਆਂ ’ਚ 55 ਸਾਲ ਦੇ ਸੁਰਜੀਤ ਸਿੰਘ ਖੀਵਾ ਕਲਾਂ ਦੀ ਹਸਪਤਾਲ ਜਾ ਕੇ ਰਾਤੀਂ 12 ਵਜੇ ਮੌਤ ਹੋ ਗਈ। ਉਸ ਕੋਲ ਸਾਢੇ ਚਾਰ ਏਕੜ ਜ਼ਮੀਨ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੇ ਦੋ ਲੜਕੀਆਂ ਚਾਰੋਂ ਸ਼ਾਦੀਸ਼ੁਦਾ ਛੱਡ ਕੇ ਗਿਆ ਹੈ। ਜ਼ਖਮੀਆਂ ’ਚ ਸਾਧੂ ਸਿੰਘ ਅਲੀਸ਼ੇਰ ਖੁਰਦ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਅਤੇ ਦਰਸ਼ਨ ਸਿੰਘ ਖੀਵਾ ਕਲਾਂ ਦਾ ਸਿਵਲ ਹਸਪਤਾਲ ਰਾਜਪੁਰਾ ’ਚ ਚੱਲ ਰਿਹਾ ਹੈ ਜਦੋਂ ਕਿ ਕਰਨੈਲ ਸਿੰਘ ਖੀਵਾ ਕਲਾਂ ਨੂੰ ਮੁਢਲੇ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਇਹ ਮਿ੍ਰਤਕ ਅਤੇ ਜ਼ਖਮੀ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸਰਗਰਮ ਵਰਕਰ ਸਨ ਅਤੇ ਹਨ। ਸਾਧੂ ਸਿੰਘ ਅਲੀਸ਼ੇਰ ਬਲਾਕ ਭੀਖੀ ਦਾ ਪ੍ਰਧਾਨ ਹੈ। ਅੱਜ ਜਾਣਕਾਰੀ ਮਿਲਣ ਉਪਰੰਤ 7 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਿ੍ਰਤਕਾਂ ਨੂੰ ਕਿਸਾਨ ਲਹਿਰ ਦੇ ਸ਼ਹੀਦ ਕਰਾਰ ਦਿੱਤਾ ਅਤੇ ਉਹਨਾਂ ਦੇ ਵਾਰਸਾਂ ਨਾਲ ਦੁੱਖ ਸਾਂਝਾ ਕਰਦੇ ਹੋਏ 10-10 ਲੱਖ ਰੁਪਏ ਦੀ ਫੌਰੀ ਰਾਹਤ, 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕੀਤੀ ਹੈ। ਜ਼ਖਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਅਤੇ ਪੂਰਾ ਇਲਾਜ ਸਰਕਾਰੀ ਖਰਚੇ ’ਤੇ ਕਰਾਉਣ ਦੀ ਮੰਗ ਕੀਤੀ ਹੈ। ਸਾਂਝੇ ਸੰਘਰਸ਼ ’ਚ ਸਾਮਲ ਭਾ:ਕਿ:ਯੂ: (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾ:ਕਿ:ਯੂ: (ਏਕਤਾ ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਭਾ:ਕਿ:ਯੂ: (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਛਿੰਦਰ ਸਿੰਘ ਨੱਥੂਵਾਲਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਦੀ ਤਰਫੋਂ ਸਾਂਝਾ ਬਿਆਨ ਜਾਰੀ ਕਰਦੇ ਹੋਏ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਰਕਾਰ ਨੂੰ ਇਹ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ’ਚ ਕੱਲ ਤੋਂ ਡੀ.ਸੀ. ਮਾਨਸ਼ਾ ਦੇ ਦਫ਼ਤਰ ਅੱਗੇ 7 ਜਥੇੇਬੰਦੀਆਂ ਵੱਲੋਂ ਅਣਮਿਥੇ ਸਮੇ ਦਾ ਜਿਲਾ ਪੱਧਰ ਦਾ ਧਰਨਾ ਦਿਨ-ਰਾਤ ਮੰਗਾਂ ਮੰਨੇ ਜਾਣ ਤੱਕ ਲਾਇਆ ਜਾਵੇਗਾ। ਸ਼ਹੀਦ ਕਿਸਾਨਾਂ ਦੀਆਂ ਮਿ੍ਰਤਕ ਦੇਹਾ ਦਾ ਅੰਤਿਮ ਸਸਕਾਰ ਵੀ ਉਸ ਤੋਂ ਮਗਰੋ ਹੀ ਕੀਤਾ ਜਾਵੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


