ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ-ਡਿਪਟੀ ਕਮਿਸ਼ਨਰ ਦਿਲਰਾਜ ਸਿੰਘ

ਮੋਗਾ 4 ਅਪ੍ਰੈਲ:(ਜਸ਼ਨ)ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਆਪਕ ਉਪਰਾਲੇ ਕਰਦਿਆਂ ਜਿੱਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਣ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਉਥੇ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
        ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਮੋਗਾ ਜ਼ਿਲੇ ਵਿੱਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲੇ ਦੇ ਦਿਹਾਤੀ ਵਸਨੀਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਦੇ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਬੀਤੇ ਮਹੀਨੇ ਮਾਰਚ, 2018 ਦੌਰਾਨ ਜ਼ਿਲੇ ਦੇ 21 ਪਿੰਡਾਂ ਦਾ ਦੌਰਾ ਕਰਕੇ 517 ਮਰੀਜ਼ਾਂ ਦਾ ਮੈਡੀਕਲ ਚੈਕ-ਅਪ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੈਡੀਕਲ ਸੁਵਿਧਾ ਰਾਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਉਨਾਂ ਦੇ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ ’ਤੇ ਮੁਫ਼ਤ ਕੀਤੇ ਜਾਂਦੇ ਹਨ।ਉਨਾਂ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਬੱਸ ਰਾਹੀ ਲੋੜਵੰਦਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲੇ ਦੇ ਦੂਰ-ਦੁਰੇਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਜ਼, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਸੇਵਾ ਵਰਦਾਨ ਸਾਬਿਤ ਹੋ ਰਹੀ ਹੈ। 
               ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਦੱਸਿਆ ਕਿ ਇਸ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਤੇ ਸਲਮ ਬਸਤੀਆਂ ਵਿੱਚ ਜਾ ਕੇ ਮਰੀਜਾਂ ਦਾ ਚੈਕ-ਅਪ ਕੀਤਾ ਜਾਂਦਾ ਹੈ। ਇਸ ਯੂਨਿਟ ਵੱਲੋਂ ਰੋਜਾਨਾ ਦੋ ਪਿੰਡਾਂ ਦੇ ਮਰੀਜ ਚੈਕ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਚਾਲੂ ਮਹੀਨਾ ਅਪ੍ਰੈਲ, 2018 ਦੌਰਾਨ ਇਸ ਮੋਬਾਈਲ ਮੈਡੀਕਲ ਯੂਨਿਟ ਵੱਲੋਂ 24 ਪਿੰਡਾਂ ਦਾ ਦੌੋਰਾ ਕਰਦੇ ਹੋਏ ਉਥੇ ਰਹਿਣ ਵਾਲੇ ਵਸਨੀਕਾਂ ਦਾ ਚੈਕ-ਅਪ ਕੀਤਾ ਜਾਵੇਗਾ। ਉਨਾਂ ਪਿੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਮੋਬਾਇਲ ਮੈਡੀਕਲ ਯੂਨਿਟ 5 ਅਪ੍ਰੈਲ ਨੂੰ ਕਾਲੇਕੇ, 6 ਅਪ੍ਰੈਲ ਨੂੰ ਨੱਥੋਕੇ, 7 ਅਪ੍ਰੈਲ ਨੂੰ ਮੌੜ ਨੌ ਆਬਾਦ, 9 ਅਪ੍ਰੈਲ ਨੂੰ ਪਿੰਡ ਉੱਗੋਕੇ, 10 ਅਪ੍ਰੈਲ ਨੂੰ ਕੋਟਲਾ ਮੇਹਰ ਸਿੰਘ ਵਾਲਾ, 11 ਅਪ੍ਰੈਲ ਨੂੰ ਲਧਾਈਕੇ, 12 ਅਪ੍ਰੈਲ ਨੂੰ ਵੈਰੋਕੇ, 13 ਅਪ੍ਰੈਲ ਨੂੰ ਕੋਟਲਾ ਰਾਏ ਕਾ, 16 ਅਪ੍ਰੈਲ ਨੂੰ ਗੰਜੀ ਗੁਲਾਬ ਸਿੰਘ ਵਾਲਾ, 17 ਅਪ੍ਰੈਲ ਨੂੰ ਜੀਤਾ ਸਿੰਘ ਵਾਲਾ, 18 ਅਪ੍ਰੈਲ ਨੂੰ ਡੇਮਰੂ ਕਲਾਂ, 19 ਅਪ੍ਰੈਲ ਨੂੰ ਡੇਮਰੂ ਖੁਰਦ, 20 ਅਪ੍ਰੈਲ ਨੂੰ ਮਾਹਲਾ ਖੁਰਦ, 21 ਅਪ੍ਰੈਲ ਨੂੰ ਸਾਹੋਕੇ, 23 ਅਪ੍ਰੈਲ ਨੂੰ ਮੱਲਕੇ, 24 ਅਪ੍ਰੈਲ ਨੂੰ ਲੰਗਿਆਣਾ ਪੁਰਾਣਾ, 25 ਅਪ੍ਰੈਲ ਨੂੰ ਮਾਹਲਾ ਕਲਾਂ, 27 ਅਪ੍ਰੈਲ ਨੂੰ ਭੱਠਾ ਮੁੱਦਕੀ ਰੋਡ, 28 ਅਪ੍ਰੈਲ ਨੂੰ ਅਨਾਜ ਮੰਡੀ ਬਾਘਾਪੁਰਾਣਾ ਅਤੇ 30 ਅਪ੍ਰੈਲ ਨੂੰ ਸਲੱਮ ਏਰੀਆ ਬਾਘਾਪੁਰਾਣਾ ਦਾ ਦੌਰਾ ਕਰੇਗੀ। ਸਿਵਲ ਸਰਜਨ ਨੇ ਇੰਨਾਂ ਪਿੰਡਾਂ ਦੇ ਵਸਨੀਕਾਂ ਨੂੰ ਇਸ ਮੋਬਾਈਲ ਮੈਡੀਕਲ ਯੂਨਿਟ ਦਾ ਲਾਭ ਲੈਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਮੋਬਾਈਲ ਮੈਡੀਕਲ ਯੂਨਿਟ ਮੋਗਾ ਦੇ ਨੋਡਲ ਅਫ਼ਸਰ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਸੁਰਿੰਦਰ ਸੇਤੀਆ ਵੀ ਮੌਜੂਦ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ