ਸਮੂਹ ਪੰਚਾਇਤ ਸੰਮਤੀ ਜ਼ਿਲਾ ਪ੍ਰੀਸ਼ਦ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

 ਮੋਗਾ,4 ਅਪ੍ਰੈਲ (ਜਸ਼ਨ) : ਜ਼ਿਲਾ ਮੋਗਾ ਦੇ ਸਮੂਹ ਪੰਚਾਇਤ ਸੰਮਤੀ ਜ਼ਿਲਾ ਪ੍ਰੀਸ਼ਦ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਬੀ.ਡੀ.ਪੀ.ਓ. ਮੋਗਾ ਦਫ਼ਤਰ ਵਿਖੇ ਧਰਨਾ ਦਿੱਤਾ। ਜਿਸ ਵਿਚ ਜ਼ਿਲੇ ਦੇ ਸਮੂਹ 5 ਬਲਾਕਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਕਰਮਚਾਰੀਆਂ ਦੀ ਤਨਖ਼ਾਹ ਸਿੱਧੀ ਖ਼ਜ਼ਾਨਾ ਦਫ਼ਤਰਾਂ ’ਚੋਂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ, ਸੰਮਤੀ ਦਾ ਖਾਤਾ ਪੰਚਾਇਤ ਅਫ਼ਸਰ ਸੁਪਰਡੈਂਟ ਨਾਲ ਸਾਂਝਾ ਕੀਤਾ ਜਾਵੇ, ਉਨਾਂ ਕਿਹਾ ਕਿ ਪੰਜਾਬ ਵਿਚ ਜੋ ਤਨਖ਼ਾਹਾਂ ਦਾ ਮਸਲਾ ਪੈਦਾ ਹੋਇਆ ਹੈ, ਉਹ ਜ਼ਿਆਦਾਤਰ ਬੀ.ਡੀ.ਪੀ.ਓ. ਵਲੋਂ ਪੰਚਾਇਤ ਸੰਮਤੀ ਦੇ ਫ਼ੰਡਾਂ ਦੀ ਦੁਰਵਰਤੋਂ ਕਰਨ ਕਾਰਨ ਪੈਦਾ ਹੋਇਆ ਹੈ, ਇਸ ਲਈ ਇਸ ਦੀ ਜਾਂਚ ਕਰਵਾਈ ਜਾਵੇ, ਉਨਾਂ ਕਿਹਾ ਕਿ ਉਪਰੋਕਤ ਮੰਗਾਂ ਜਦੋਂ ਤੱਕ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਧਰਨੇ ਜਾਰੀ ਰਹਿਣਗੇ। ਨਾਲ ਹੀ ਜ਼ਿਲੇ ਦੇ ਕਰਮਚਾਰੀਆਂ ਨੇ ਫ਼ੈਸਲਾ ਕੀਤਾ ਕਿ ਜੇਕਰ ਕਿਸੇ ਵੀ ਅਫ਼ਸਰ ਵਲੋਂ ਕਿਸੇ ਵੀ ਕਰਮਚਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਨਿੱਜੀ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਰੋਸ ਧਰਨੇ ਵਿਚ ਜ਼ਿਲੇ ਦੇ ਸਮੂਹ ਪੰਚਾਇਤ ਅਫ਼ਸਰ, ਜ਼ਿਲੇ ਦੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਜਿਨਾਂ ਵਿਚ ਸੁਰਜੀਤ ਸਿੰਘ ਰਾਊਕੇ, ਸੁਖਜੀਵਨ ਸਿੰਘ, ਦਵਿੰਦਰਪਾਲ ਸਿੰਘ, ਮਨੀਸ਼ਾ ਗੁਪਤਾ, ਮਨਮੀਤ ਸਿੰਘ ਸੁਪਰਡੈਂਟ, ਸੁਖਮੰਦਰ ਸਿੰਘ, ਗੁਰਸੇਵਕ ਸਿੰਘ ਅਤੇ ਤੇਜਪਾਲ ਸਿੰਘ ਆਦਿ ਹਾਜ਼ਰ ਸਨ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ