ਰੈੱਡ ਰਿਬਨ ਕਲੱਬਾਂ ਵੱਲੋਂ ਸਮਾਜਕ ਬੁਰਾਈਆਂ ਬਾਰੇ ਲੋਕਾਂ ‘ਚ ਜਾਗਰੂਕਤਾ ਲਿਆਉਣ ਲਈ ਕੀਤੇ ਜਾਂਦੇ ਨੇ ਵਿਸ਼ੇਸ਼ ਉਪਰਾਲੇ-ਦਵਿੰਦਰ ਸਿੰਘ ਲੋਟੇ

ਮੋਗਾ,5 ਅਪ੍ਰੈਲ (ਜਸ਼ਨ)-ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਵੱਲੋਂ ਜ਼ਿਲੇ ਮੋਗਾ ਦੇ ਵੱਖ-ਵੱਖ 20 ਕਾਲਜਾਂ ਵਿੱਚ ਚੱਲ ਰਹੀਆਂ ਰੈੱਡ ਰਿਬਨ ਕਲੱਬਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਨੇ ਹਿੱਸਾ ਲਿਆ। ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ ਵਿੱਚ ਰੈੱਡ ਰਿਬਨ ਕਲੱਬਾਂ ਵੱਲੋਂ ਸਾਲ 2017-18 ਦੌਰਾਨ ਕੀਤੀਆਂ ਗਤੀਵਿਧੀਆਂ ਜਿਵੇਂ ਕਿ ਨਸ਼ਾ ਮੁਕਤ ਦਿਵਸ, ਵਿਸ਼ਵ ਏਡਜ਼ ਦਿਵਸ, ਸਵੈ-ਇੱਛਾ ਖੂਨਦਾਨ ਕੈਂਪ, ਰਾਸ਼ਟਰੀ ਯੂਥ ਦਿਵਸ ਮਨਾਉਣੇ ਅਤੇ ਸਮਾਜਕ ਬੁਰਾਈਆਂ ਨਾਲ ਸਬੰਧਤ ਰੈਲੀਆਂ ਕਰਵਾਉਣੀਆਂ ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਇਨਾਂ ਰੈੱਡ ਰਿਬਨ ਕਲੱਬਾਂ ਵੱਲੋਂ ਸਮੇਂ-ਸਮੇਂ ਤੇ ਸਮਾਜਕ ਬੁਰਾਈਆਂ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਮੀਟਿੰਗ ਦੌਰਾਨ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਨੂੰ ਨਵੇਂ ਸਾਲ ਦੀ ਪਿ੍ਰੰਟ ਕੀਤੀ ਹੋਈ ਡਾਇਰੀ ਅਤੇ ਸਟੇਸ਼ਨਰੀ ਆਦਿ ਵੰਡੀ ਗਈ।ਅੰਤ ਵਿੱਚ ਦਵਿੰਦਰ ਸਿੰਘ ਵੱਲੋਂ ਆਏ ਹੋਏ ਸਾਰੇ ਨੋਡਲ ਅਫਸਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਕਾਲਜਾਂ ਦੇ ਨੋਡਲ ਅਫ਼ਸਰ ਅਤੇ ਤਰਨਜੀਤ ਕੌਰ ਹਾਜ਼ਰ ਸਨ।