ਲੰਢੇਕੇ ਵਿਖੇ ਸੰਤ ਬਾਬਾ ਸੂਰਤ ਸਿੰਘ ਅਤੇ ਸੰਤ ਬਾਬਾ ਰਾਮ ਸਿੰਘ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਮੋਗਾ,5 ਅਪਰੈਲ (ਜਸ਼ਨ)-ਮੋਗਾ ਜ਼ਿਲੇ ਦੇ ਨਜ਼ਦੀਕੀ ਪਿੰਡ ਲੰਢੇਕੇ ਵਿਖੇ ਸੰਤ ਬਾਬਾ ਸੂਰਤ ਸਿੰਘ ਅਤੇ ਸੰਤ ਬਾਬਾ ਰਾਮ ਸਿੰਘ ਦੀ ਪਵਿੱਤਰ ਯਾਦ ਵਿਚ ਦਸ਼ਮੇਸ਼ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 18ਵਾਂ ਸਾਲਾਨਾ ਦੋ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਇਸ ਮੌਕੇ ਉਹਨਾਂ ਨਾਲ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਅਤੇ ਸਾਬਕਾ ਸਰਪੰਚ ਪਰਦੁਮਨ ਸਿੰਘ, ਕਲੱਬ ਦੇ ਸਮੂਹ ਅਹੁਦੇਦਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਸ: ਬਰਜਿੰਦਰ ਸਿੰਘ ਬਰਾੜ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਆਖਿਆ ਕਿ ਕਲੱਬ ਵੱਲੋਂ ਹਰ ਸਾਲ ਟੂਰਨਾਮੈਂਟ ਕਰਵਾਏ ਜਾਣ ਸਦਕਾ ਨੌਜਵਾਨ ਨਸ਼ਿਆਂ ਤੋਂ ਕਿਨਾਰਾ ਕਰਕੇ ਆਪਣਾ ਸੁਨਹਿਰੀ ਭਵਿੱਖ ਸਿਰਜਣ ਲਈ ਖੇਡਾਂ ਵੱਲ ਪੇ੍ਰਰਿਤ ਹੋ ਰਹੇ ਹਨ । ਉਹਨਾਂ ਕਿਹਾ ਕਿ ਕਲੱਬ ਦੇ ਸਮੂਹ ਅਹੁਦੇਦਾਰ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਵਧਾਈ ਦੇ ਪਾਤਰ ਹਨ । ਇਸ ਮੌਕੇ ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਨੇ ਪ੍ਰਵਾਸੀ ਪੰਜਾਬੀਆਂ,ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਟੂਰਨਾਮੈਂਟ ਲਈ ਸਹਿਯੋਗ ਦੇਣ ਬਦਲੇ ਧੰਨਵਾਦ ਕੀਤਾ  ।