ਵੰਚਿਤ ਅਤੇ ਝੁੱਗੀ ਝੌਪੜੀ ਦੇ ਬੱਚਿਆਂ ਨੂੰ ਸਿਖਿਅਤ ਕਰਨ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਕੀਤਾ ਜਾ ਰਿਹਾ ਹੈ ਸਰਵੇ

ਮੋਗਾ 6 ਅਪ੍ਰੈਲ: (ਜਸ਼ਨ)-ਸ੍ਰੀ ਰਜਿੰਦਰ ਅਗਰਵਾਲ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਵੰਚਿਤ ਅਤੇ ਝੁੱਗੀ ਝੌਂੋਪੜੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੜਾਉਣ ਅਤੇ ਉਨਾਂ ਦੀ ਭਲਾਈ ਲਈ ਨਾਲਸਾ (ਚਾਈਲਡ ਫ਼ਰੈਂਡਲੀ ਲੀਗਲ ਸਰਵਿਸਜ਼ ਟੂ ਚਿਲਡ੍ਰਨ ਐਂਡ ਦਿਅਰ ਪ੍ਰੋਟੈਕਸ਼ਨ ਸਕੀਮ-2015 ਤਹਿਤ ਇਨਾਂ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਇੱਕ ਕਮੇਟੀ ਗਠਿਤ ਕੀਤੀ ਗਈ ਸੀ। ਇਸੇ ਮੰਤਵ ਨੂੰ ਪੂਰਾ ਕਰਨ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਪੈਰਾ ਲੀਗਲ ਵਲੰਟੀਅਰਜ਼, ਜ਼ਿਲਾ ਬਾਲ ਸੁਰੱਖਿਆ ਯੂਨਿਟ, ਮੋਗਾ ਦੇ ਆਊਟਰੀਚ ਵਰਕਰ, ਸੋਸ਼ਲ ਵਰਕਰਜ਼ ਅਤੇ ਸਰਬ ਸਿੱਖਿਆ ਅਭਿਆਨ ਦੇ ਸਪੈਸ਼ਲ ਟੀਚਰ, ਈ.ਜੀ.ਐੱਸ. ਵਲੰਟੀਅਰਜ਼ ਵੱਲੋਂ ਸਲੱਮ ਏਰੀਆ ਵਿੱਚ ਰਹਿੰਦੇ ਬੱਚਿਆਂ ਦੀ ਪਛਾਣ ਕਰਕੇ ਉਨਾਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਉਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਬੱਚੇ ਅਤੇ ਇਨਾਂ ਦੇ ਮਾਤਾ-ਪਿਤਾ ਪੜਾਈ ਦੇ ਮਹੱਤਵ ਨੂੰ ਜਾਣ ਸਕਣ ਅਤੇ ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ। ਇਸ ਮੌਕੇ ‘ਤੇ ਸ੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਜੋ ਇਸ ਕਮੇਟੀ ਦੇ ਚੇਅਰਮੈਨ ਹਨ ਨੇ ਦੱਸਿਆ ਕਿ ਇਂਨਾਂ ਬੱਚਿਆਂ ਅਤੇ ਇਨਾਂ ਦੇ ਮਾਤਾ-ਪਿਤਾ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਵਲੰਟੀਅਰਜ਼ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਹਨ।ਉਨਾਂ ਦੱਸਿਆ ਕਿ ਕੋ-ਆਰਡੀਨੇਟਰ ਸਰਬ ਸਿੱਖਿਆ ਅਭਿਆਨ, ਮੋਗਾ ਵੱਲੋਂ ਸਕੂਲਾਂ ਵਿੱਚ ਨਾ ਜਾਣ ਵਾਲੇ 61 ਬੱਚਿਆਂ ਦੀ ਸੂਚੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੂੰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸ ਸੂਚੀ ਅਨੁਸਾਰ ਹੀ ਇਨਾਂ ਟੀਮਾਂ ਨੂੰ ਬੱਚਿਆਂ ਦੀ ਵੰਡ ਕਰਕੇ ਡਿਊਟੀ ਲਗਾਈ ਗਈ ਹੈ, ਤਾਂ ਜੋ ਇਨਾਂ ਬੱਚਿਆਂ ਨੂੰ ਜਿੰਮੇਵਾਰੀ ਨਾਲ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਿੱਖਿਅਤ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਕਰਕੇ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਮੁਹਿੰਮ ਜਾਰੀ ਰਹੇਗੀ। ਉਨਾਂ ਜ਼ਿਲੇ ਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਵੱਧ ਤੋਂ ਵੱਧ ਅੱਗੇ ਆਉਣ।