ਸੰਤ ਬਾਬਾ ਬਲਦੇਵ ਸਿੰਘ ਜੋਗੇ ਵਾਲਿਆਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ,ਇਕ ਔਰਤ ਸਮੇਤ ਤਿੰਨ ਵਿਅਕਤੀ ਜਖਮੀ

ਮੋਗਾ,7 ਅਪਰੈਲ (ਜਸ਼ਨ)- ਮੋਗਾ ਨੇੜਲੇ ਕਸਬੇ ਜੀਰਾ ਵਿਖੇ ਸੰਤ ਬਾਬਾ ਬਲਦੇਵ ਸਿੰਘ ਜੋਗੇ ਵਾਲਿਆਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਗੱਡੀ ’ਚ ਸਵਾਰ ਇਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ। ਇਹ ਘਟਨਾ ਜ਼ੀਰਾ ਤਲਵੰਡੀ ਰੋਡ ’ਤੇ ਟਰੱਕ ਯੂਨੀਅਨ ਨੇੜੇ ਵਾਪਰੀ ਜਦੋਂ ਜੋਗੇਵਾਲਾ ਟਕਸਾਲ ਦੀ ਕਾਰਸੇਵਾ ਵਾਲੀ ਜੀਪ ਘੋੜਾ ਟਰਾਲਾ ਨਾਲ ਜਾ ਟਕਰਾਈ । ਇਸ ਗੱਡੀ ਦਾ ਨੰਬਰ ਪੀ ਬੀ 02 ਜੇ 3000 ਹੈ ਅਤੇ ਇਸ ਜੀਪ ਵਿਚ ਬਾਬਾ ਬਲਦੇਵ ਸਿੰਘ ਦੇ ਦੋ ਸੇਵਾਦਾਰ ਅਤੇ ਇਕ ਬਿਰਧ ਮਾਤਾ ਸਵਾਰ ਸੀ । ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣੇ ਵਾਲਿਆਂ ਦੇ ਦੱਸਣ ਮੁਤਾਬਕ ਦੋਨੋਂ ਨੌਜਵਾਨ ਮਾਤਾ ਨੂੰ ਮੱਖੂ ਖੇਤਰ ਵਿਚ ਛੱਡਣ ਲਈ ਜਾ ਰਹੇ ਸਨ । ਘਟਨਾ ਸਥਾਨ ’ਤੇ ਮੌਕੇ ’ਤੇ ਪਹੰੁਚੇ ਕਾਂਗਰਸ ਕਿਸਾਨ ਸੈੱਲ ਦੇ ਵਾਈਸ ਚੇਅਰਮੈਨ ਜਸਪਾਲ ਸਿੰਘ ਪੰਨੂੰ ਨੇ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ ਐਂਬੂਲੈਂਸ ਵਾਲਿਆਂ ਨੂੰ ਫੋਨ ’ਤੇ ਸੂਚਿਤ ਕਰਦਿਆਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਪਹੰੁਚਾਇਆ । ਪੰਨੂੰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਗੰਭੀਰ ਜਖਮੀ ਹੈ ਜਦਕਿ ਦੂਸਰਾ ਵਿਅਕਤੀ ਅਤੇ ਮਾਤਾ ਨੂੰ ਵੀ ਕਾਫ਼ੀ ਸੱਟਾਂ ਵੱਜੀਆਂ ਹਨ । ਜ਼ੀਰਾ ਹਸਪਤਾਲ ਦੇ ਡਾਕਟਰ ਡਾ: ਹਰਗੁਣ ਸਿੰਘ ਨੇ ਦੱਸਿਆ ਕਿ ਜੀਪ ਸਵਾਰ ਲਵਦੀਪ ਸਿੰਘ ਦੇ ਸਿਰ ਵਿਚ ਸੱਟ ਹੋਣ ਕਰਕੇ ਬੇਹੋਸ਼ੀ ਦੀ ਹਾਲਤ ਵਿਚ ਹੋਣ ਕਰਕੇ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕੀਤਾ ਗਿਆ । ‘ਸਾਡਾ ਮੋਗਾ ਦੀ ਜਾਣਕਾਰੀ ਮੁਤਾਬਕ ਜੋਗੇਵਾਲਾ ਤੋਂ ਪਹੰੁਚੇ ਹੋਰਨਾਂ ਸੇਵਕਾਂ ਨੇ ਮਾਤਾ ਸੁੱਖੋ ਪਤਨੀ ਪ੍ਰੀਤਮ ਸਿੰੰਘ ਅਤੇ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਵੀ ਸੱਟਾਂ ਹੋਣ ਕਰਕੇ ਤਿੰਨਾਂ ਜਖਮੀਆਂ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਲਿਜਾਣ ਦਾ ਫੈਸਲਾ ਲਿਆ।


