ਫਰਦ ਕੇਂਦਰਾਂ ’ਚ ਜਮਾਂਬੰਦੀਆਂ ਲੈਣ ਲਈ ਕਿਸਾਨਾਂ ਦੀ ਹੋ ਰਹੀ ਐ ਖੱਜਲ-ਖੁਆਰੀ

ਧਰਮਕੋਟ , 7 ਅਪਰੈਲ (ਰਾਜਵਿੰਦਰ ਸਿੰਘ)- ਜਮਾਂਬੰਦੀਆਂ ਲੈਣ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਅਤੇ ਜ਼ਮੀਨਾਂ ਦਾ ਰਿਕਾਰਡ ਆਨਲਾਈਨ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਫਰਦ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨ ਦੀਆਂ ਫਰਦਾਂ ਪ੍ਰਾਪਤ ਕਰਨ ਲਈ ਫਰਦ ਕੇਂਦਰਾਂ ‘ਚ ਜਾ ਕੇ ਬਿੰਨਾ ਸਮਾਂ ਗਵਾਇਆਂ ਲੋੜੀਂਦੇ ਦਸਤਾਵੇਜ਼ ਹਾਸਲ ਹੋ ਸਕਣ ਪਰ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਕਿਸਾਨਾਂ ਕੋਲੋਂ ਹੱਦ ਕਰਜ਼ਿਆਂ ਲਈ ਨਵੀਆਂ ਜਮਾਂਬੰਦੀਆਂ ਮੰਗਣ ਨਾਲ ਹੀ ਫਰਦ ਕੇਂਦਰਾਂ ਦੀ ਨਾਅਹਿਲੀਅਤ ਸਾਹਮਣੇ ਆ ਗਈ ਜਦੋਂ ਕੇਂਦਰਾਂ ਦੇ ਬਾਹਰ ਲੰਮੀਆਂ ਲਾਈਨਾਂ ‘ਚ ਖੜੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੀਆਂ ਫਰਦਾਂ ਹਾਸਲ ਕਰਨ ਲਈ ਕਾਫ਼ੀ ਜਦੋ ਜਹਿਦ ਕਰਨੀ ਪਈ। ਕਿਸਾਨਾਂ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਵੇਰ ਤੋਂ ਆ ਕੇ ਇਥੇ ਆ ਕੇ ਖੜ ਜਾਂਦੇ ਹਨ ਪਰ ਉਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਨੰਬਰ ਲੈਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਕਈ ਕਿਸਾਨ ਆਗੂਆਂ ਨੇ ਦੱਸਿਆ ਕਿ ਸਬ-ਡਵੀਜ਼ਨ ਧਰਮਕੋਟ ਦੇ 150 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਫਰਦਾਂ ਇਥੋਂ ਹੀ ਮਿਲਦੀਆਂ ਹਨ ਜਦਕਿ ਧਰਮਕੋਟ ਹਲਕੇ ‘ਚ 4 ਕਾਨੂੰਗੋ ਕੋਟ ਈਸੇ ਖਾਂ, ਫਤਿਹਗੜ ਪੰਜਤੂਰ ਅਤੇ ਕਿਸ਼ਨਪੁਰਾ ਪੈਂਦੇ ਹਨ ਪਰ ਇਸ ਫਰਦ ਕੇਂਦਰ ‘ਚ ਉਹਨਾਂ ਨੂੰ ਕਾਫੀ ਸਮਾਂ ਲਾਈਨਾਂ ‘ਚ ਖੜੇ ਰਹਿਣਾ ਪੈਂਦਾ ਹੈ ਕਿਉਂਕਿ ਇਥੇ ਇਕ ਹੀ ਕਾਊਂਟਰ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਰਦ ਕੇਂਦਰ ‘ਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕੀ ਜਾਵੇ । ਉਹਨਾਂ ਦੋਸ਼ ਵੀ ਲਾਇਆ ਕਿ ਆਮ ਕਿਸਾਨ ਤਾਂ ਭੁੱਖੇ ਭਾਣੇ ਸਵੇਰ ਤੋਂ ਸ਼ਾਮ ਤੱਕ ਲਾਈਨਾਂ ‘ਚ ਖੜੇ ਰਹਿੰਦੇ ਹਨ ਪਰ ਰਸੂਖ ਵਾਲੇ ਅੰਦਰ ਖਾਤੇ ਆਪਣੀਆਂ ਫਰਦਾਂ ਕੱਢਵਾ ਕੇ ਲੈ ਜਾਂਦੇ ਹਨ।


