‘‘ਸਿਰ ਕਲਮ ਕਰ ਦਿਆਂਗੇ ’’ ਫ਼ੈਡਰੇਸ਼ਨ ਆਗੂ ਨੇ ਆਖਿਆ ‘‘ਜੇ ‘ਨਾਨਕ ਸ਼ਾਹ ਫਕੀਰ ’ਫਿਲਮ ਰਿਲੀਜ਼ ਹੋਈ ਤਾਂ ਫਿਲਮ ਦੇ ਪ੍ਰੋਡਿੳੂਸਰ ਹਰਿੰਦਰ ਸਿੱਕੇ ਦਾ ‘‘ਸਿਰ ਕਲਮ ਕਰ ਦਿਆਂਗੇ ’’

ਅੰਮਿ੍ਰਤਸਰ, 8 ਅਪ੍ਰੈਲ ( ਪੱਤਰ ਪਰੇਰਕ ): ਵਿਵਾਦਿਤ ਫਿਲਮ ‘ਨਾਨਕ ਸ਼ਾਹ ਫਕੀਰ ’ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਅਸਮਾਨੋਂ ਪਾਰ ਹੋ ਚੁੱਕਾ ਹੈ। ਅੱਜ ਇਥੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕਰ ਦਿੱਤਾ ਕਿ ਸਿੱਖੀ ਸਿਧਾਂਤਾਂ ਨੂੰ ਤਾਰ-ਤਾਰ ਕਰਨ ਵਾਲੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਰੋਕਣ ਲਈ ਅਸੀਂ ਸਿਰ ਧੜ ਦੀ ਬਾਜ਼ੀ ਲਾ ਦਿਆਂਗੇ ਤੇ ਚਾਹੇ ਜੋ ਮਰਜੀ ਨੁਕਸਾਨ ਝੱਲਣਾ ਪਵੇ ਇਸ ਫਿਲਮ ਨੂੰ ਕਿਸੇ ਵੀ ਹਾਲਾਤ ‘ਚ ਸਿਨੇਮਿਆਂ ਚ ਚੱਲਣ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਇਹ ਫਿਲਮ ਰਿਲੀਜ ਕੀਤੀ ਗਈ ਤਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕੇ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਸਿੱਖਾਂ ਦੇ ਦੁਸ਼ਮਣਾਂ ਦਾ ਬੀਤੇ ਸਮੇਂ ਹੋਇਆ ਸੀ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਤੋਂ 4੦ ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਗੁਰੂ ਨਗਰੀ ਅੰਮਿ੍ਰਤਸਰ ‘ਚ ਨਿਰੰਕਾਰੀ ਮੁਖੀ ਨੇ ਸਾਡੇ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਸੀ ਜਿਸ ਦਾ ਹਸ਼ਰ ਉਸ ਨੂੰ ਸਿੰਘਾਂ ਦੀਆਂ ਗੋਲ਼ੀਆਂ ਖਾ ਕੇ ਭੁਗਤਣਾ ਪਿਆ ਸੀ ਤੇ ਅੱਜ ਹਰਿੰਦਰ ਸਿੱਕਾ ਵੀ ਉਸੇ ਰਾਹ ਤੇ ਚੱਲ ਪਿਆ ਹੈ ਜਿਸ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਜੇ ਇਹ ਫਿਲਮ ਸਿਨੇਮਿਆਂ ਚ ਚੱਲੀ ਤਾਂ ਸਿਨੇਮੇ ਭੰਨ ਦਿੱਤੇ ਜਾਣਗੇ ਤੇ ਹਰਿੰਦਰ ਸਿੱਕੇ ਨੂੰ ਅਸੀਂ ਅਜਿਹਾ ਸਬਕ ਸਿਖਾਵਾਂਗੇ ਕਿ ਉਸ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਮੈਂ ਆਪਣੇ ਜਿਊਂਦੇ ਜੀਅ ਇਹ ਫਿਲਮ ਨਹੀਂ ਲੱਗਣ ਦੇਵਾਂਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੋਲ ਸਾਡੇ ਸਾਹਮਣੇ ਕੋਈ ਮਨੁੱਖ ਨਿਭਾਅ ਜਾਵੇ ਅਜਿਹਾ ਵਰਤਾਰਾ ਨਹੀਂ ਵਰਤਣ ਦੇਵਾਂਗੇ ਇਹ ਅਸੀਂ ਸਿੱਖ ਕੌਮ ਨਾਲ ਪ੍ਰਣ ਕਰਦੇ ਹਾਂ।