ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਿਹਗੜ ਪੰਜਤੂਰ ਵਲੋਂ ਪਿੰਡ ਜੋਗੇਵਾਲਾ ਵਿਖੇ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ 10 ਅਪ੍ਰੈਲ ਨੂੰ - ਜਗਸੀਰ ਸਿੰਘ ਸਰਾਂ

ਫਤਿਹਗੜ ਪੰਜਤੂਰ,9 ਅਪਰੈਲ (ਰਾਜਵਿੰਦਰ ਸਿੰਘ) ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਿਹਗੜ ਪੰਜਤੂਰ ਵਲੋਂ ਪਿੰਡ ਜੋਗੇਵਾਲਾ ਵਿਖੇ ਅੱਖਾਂ ਦਾ ਚੈਕਅਪ ਅਤੇ ਆਪਰੇਸ਼ਨ ਕੈਂਪ 10 ਅਪ੍ਰੈਲ ਮੰਗਲਵਾਰ ਨੂੰ ਸਵੇਰੇ 8 ਵਜੇ ਤੋ 1 ਵਜੇ ਤਕ ਲਗਾਇਆ ਜਾ ਰਿਹਾ ਹੈ। ਪੱਤਰਕਾਰ ਜਗਸੀਰ ਸਿੰਘ ਸਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੜਾਹੇ ਵਾਲੇ ਤੋਂ 6 ਕਿਲੋ ਮੀਟਰ ਦੀ ਦੂਰੀ ਤੇ ਪਿੰਡ ਜੋਗੇਵਾਲਾ ਵਿਖੇ ਲਗਾਏ ਜਾ ਰਹੇ ਫਰੀ ਅੱਖਾਂ ਦੇ ਚੈਕਅਪ ਕੈਂਪ ਵਿਚ ਲੁਧਿਆਣਾ ਦੇ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰ ਪਹੰੁਚ ਰਹੇ ਹਨ ਜੋ ਮੌਕੇ ’ਤੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਜਿਹਨਾਂ ਮਰੀਜ਼ਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੋਵੇਗੀ ਉਹਨਾਂ ਮਰੀਜ਼ਾਂ ਨੂੰ ਮੰਗਲਵਾਰ ਨੂੰ ਹੀ ਸ਼ੰਕਰਾ ਹਸਪਤਾਲ ਵਿਖੇ ਲੈ ਜਾਇਆ ਜਾਵੇਗਾ ਅਤੇ ਆਪਰੇਸ਼ਨ ਕੀਤੇ ਜਾਣਗੇ। ਉਹਨਾਂ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਮਰੀਜ਼ ਆਪਣੇ ਕੇਸ ਧੋ ਕੇ ਆਉਣ ਕਿਉਂਕਿ ਆਪਰੇਸ਼ਨ ਤੋਂ ਇਮ ਮਹੀਨੇ ਤੱਕ ਕੇਸ ਧੋਣ ਦੀ ਮਨਾਹੀ ਹੁੰਦੀ ਹੈ। ਉਹਨਾਂ ਦੱਸਿਆ ਕਿ ਮਰੀਜ਼ ਇਕ ਜੋੜਾ ਬਿਸਤਰ ਵੀ ਨਾਲ ਲਿਆਉਣ ਤਾਂ ਆਪਰੇਸ਼ਨ ਦੌਰਾਨ ਸਫ਼ਾਈ ਰੱਖੀ ਜਾ ਸਕੇ। ਪੱਤਰਕਾਰ ਜਗਸੀਰ ਸਿੰਘ ਸਰਾਂ ਨੇ ਦੱਸਿਆ ਕਿ ਇਹ ਕੈਂਪ ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਿਹਗੜ ਪੰਜਤੂਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ।


