ਮੋਗਾ ਵਿਖੇ ਬੱਸ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਤਿੰਨ ਗੰਭੀਰ ਜਖਮੀ

ਮੋਗਾ,11 ਅਪਰੈਲ (ਜਸ਼ਨ) ਅੱਜ ਸਵੇਰ ਵੇਲੇ ਮੋਗਾ ਜ਼ਿਲੇ ਦੇ  ਪਿੰਡ ਸਿੰਘਾਂਵਾਲਾ ਨਜ਼ਦੀਕ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਸੜਕ ਉਪੱਰ ਬਣੀਆਂ ਦੁਕਾਨਾਂ ਵਿਚ ਵੜ ਗਈ ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਜਖਮੀ ਹੋ ਗਏ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਰੀਦਕੋਟ ਤੋਂ ਮੋਗਾ ਹੰੁਦੀ ਹੋਈ ਚਿੰਤਪੁਰਨੀ ਜਾ ਰਹੀ ਫ਼ਰੀਦਕੋਟ ਡਿਪੂ ਦੀ ਪੀ.ਆਰ.ਟੀ.ਸੀ. ਦੀ ਬੱਸ ਦਾ ਡਰਾਈਵਰ ਸੰਤੁਲਨ ਗਵਾ ਬੈਠਾ ਅਤੇ ਤੇਜ਼ ਰਫ਼ਤਾਰ ਬੱਸ ਦੁਕਾਨਾਂ ਨਾਲ ਜਾ ਟਕਰਾਈ  । ਇਹ ਬੱਸ ਸਬਜ਼ੀ ਵਾਲੀ ਦੁਕਾਨ ਨਾਲ ਟਕਰਾਉਣ ਕਰਕੇ ਦੁਕਾਨ ਮਾਲਕ ਦੀ ਮੌਤ ਹੋ ਗਈ ਜਦਕਿ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੀ ਔਰਤ ਅਤੇ ਬਾਘਾਪੁਰਾਣਾ ਕਚਿਰੀਆਂ ਵਿਚ ਕੰਮ ਕਰਦਾ ਇਕ ਵਿਅਕਤੀ ਵੀ ਬੱਸ ਦੀ ਲਪੇਟ ਵਿਚ ਆ ਗਿਆ । ਬੱਸ ਨੇ 5 ਜਾਣਿਆਂ ਨੂੰ ਬੁਰੀ ਤਰਾਂ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੌਰਾਨ ਸੁਖਵਿੰਦਰ ਸਿੰਘ ਉਮਰ (37 ਸਾਲ) ਪੁੱਤਰ ਗੁਰਨੇਕ ਸਿੰਘ ਵਾਸੀ ਬੁੱਕਣ ਵਾਲਾ, ਸੋਹਣ ਸਿੰਘ (32 ਸਾਲ) ਪੁੱਤਰ ਜੀਤ ਸਿੰਘ ਵਾਸੀ ਸਿੰਘਾਂਵਾਲਾ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਕਿਰਨਦੀਪ ਕੌਰ (32 ਸਾਲ) ਪਤਨੀ ਰਿੰਕੂ ਵਾਸੀ ਸਿੰਘਾਂਵਾਲਾ ਅਤੇ ਉਸ ਦਾ 6 ਸਾਲਾ ਪੁੱਤਰ ਸਹਿਜਪ੍ਰੀਤ ਸਿੰਘ, ਰਾਜਵਿੰਦਰ ਕੌਰ (40 ਸਾਲ) ਪਤਨੀ ਮੰਗਲ ਸਿੰਘ ਵਾਸੀ ਸਿੰਘਾਂਵਾਲਾ ਜ਼ਖ਼ਮੀ ਹੋ ਗਈਆਂ। ਹਾਦਸਾ ਇਨਾ ਭਿਆਨਕ ਸੀ ਕਿ ਦੂਰ ਦੂਰ ਤੱਕ ਇਸ ਘਟਨਾ ਦਾ ਖੜਕਾ ਸੁਣਿਆ ਅਤੇ ਪਿੰਡ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਬੱਸ ਹੇਠੋਂ ਕੱਢਿਆ ਅਤੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਦੋ ਨੌਜਵਾਨਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ । ਇਸ ਹਾਦਸੇ ਵਿਚ ਗੰਭੀਰ ਜਖਮੀ ਇਕ ਔਰਤ ਅਤੇ ਇਕ ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਭੇਜ ਦਿੱਤਾ ਗਿਆ ਹੈ ਜਦਕਿ ਇਕ ਹੋਰ ਗੰਭੀਰ ਜਖਮੀ ਔਰਤ ਨੂੰ ਡੀ ਐੱਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ।  ਪ੍ਰਤੱਖ ਦਰਸ਼ੀਆਂ ਮੁਤਾਬਕ ਬੱਸ ਗਲਤ ਦਿਸ਼ਾ ਵੱਲ ਜਾ ਕੇ ਅਚਾਨਕ ਆਪਣੇ ਕੰਮਾ ’ਤੇ ਜਾ ਰਹੇ ਵਿਅਕਤੀਆਂ ’ਤੇ ਜਾ ਚੜੀ ਅਤੇ ਬੱਸ ਵਿਚੋਂ ਸ਼ਰਾਬ ਦੇ ਲੇਬਲ ਮਿਲਣ ਕਰਕੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਬੱਸ ਦੇ ਡਰਾਈਵਰ ਨੇ ਸ਼ਰਾਬ ਦਾ ਸੇਵਨ ਕੀਤਾ ਹੋ ਸਕਦਾ ਹੈ ਕਿਉਂਕਿ ਬੱਸ ਨੂੰ ਘਟਨਾ ਸਥਲ ਤੋਂ ਚਲਾ ਕੇ ਪਾਸੇ ਕੀਤਾ ਗਿਆ । ਉਹਨਾਂ ਦੱਸਿਆ ਕਿ ਬੱਸ ਦੇ ਸਟੇਰਿੰਗ ਅਤੇ ਬਰੇਕਾਂ ਬਿਲਕੁੱਲ ਠੀਕ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਚੜਿੱਕ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਉਨਾਂ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ। ਥਾਣਾ ਚੜਿੱਕ ਵਿਖੇ ਬੱਸ ਚਾਲਕ ‘ਤੇ ਧਾਰਾ 304 ਏ, 279, 337, 338, 427 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿੰਡ ਸਿੰਘਾਂਵਾਲਾ ਦੇ ਸਰਪੰਚ ਤੀਰਥ ਸਿੰਘ ਕਾਲਾ ਅਤੇ ਪਿੰਡ ਬੁੱਕਣ ਵਾਲਾ ਦੇ ਸਰਪੰਚ ਨਰਿੰਦਰ ਸਿੰਘ ਗਿੱਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਾਦਸੇ ਉਪਰੰਤ ਜਦ ਮੌਕੇ ‘ਤੇ ਪੁੱਜੇ ਤਾਂ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਬੱਸ ਚਾਲਕ ਲਖਵਿੰਦਰ ਸਿੰਘ ਦੀ ਸ਼ਰਾਬੀ ਹਾਲਤ ਵਿਚ ਸੀ ਅਤੇ ਉਸ ਦੀ ਲਾਹਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ।   ਪੁਲਿਸ ਵੱਲੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।    

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ