ਖੇਤੀ ਮਹਿਕਮੇਂ ਦੇ ਅਧਿਕਾਰੀਆਂ ਨੇ ਖਰਾਬ ਹੋਈ ਕਣਕ ਦਾ ਲਿਆ ਜ਼ਾਇਜਾ

ਨਿਹਾਲ ਸਿੰਘ ਵਾਲਾ,11 ਅਪਰੈਲ(ਰਾਜਵਿੰਦਰ ਰੌਂਤਾ)- ਖੇਤੀ ਬਾੜੀ ਅਧਿਕਾਰੀਆਂ ਨੇ ਪਿੰਡ ਰੌਂਤਾ ਵਿਖੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਈ ਕਣਕ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ  ਖਾਈ ,ਗਾਜ਼ੀਆਣਾ,ਪੱਖਰਵੱਡ,ਪੱਤੋ,ਦੀਦਾਰੇ ਵਾਲਾ,ਬਾਰੇ ਵਾਲਾ,ਜਵਾਹਰ ਸਿੰਘ ਵਾਲਾ,ਸੈਦੋ,ਬੁਰਜ ਹਮੀਰਾ ,ਬਾਰੇ ਵਾਲਾ,ਮਾਨੂੰੂਕੇ ਆਦਿ ਪਿੰਡਾਂ ਵਿੱਚ ਕਣਕ ਖਰਾਬ ਹੋਈ ਹੈ। ਉਹਨਾਂ ਵੱਲੋਂ ਕਿਸਾਨਾਂ ਦੀ ਖਰਾਬ ਫ਼ਸਲ ਵੇਖੀ ਗਈ ਹੈ ਅਤੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਰਿਪੋਰਟ ਦਿੱਤੀ ਜਾਵੇਗੀ। ਪਿੰਡ ਰੌਂਤਾ ਵਿਖੇ ਕਿਸਾਨ ਮਨਜੀਤ ਗਰੇਵਾਲ,ਕੌਰ ਸਿੰਘ ਭੁੱਲਰ ,ੳੂਧਮ ਸਿੰਘ ਸੈਕਟਰੀ,ਬਲਕਾਰ ਰਾਈਕਾ,ਜੀਤਾ ਫੌਜੀ,ਗੁਰਦਿਆਲ ਸਿੰਘ ਪ੍ਰਧਾਨ,ਬਲਜੀਤ ਸਿੰਘ ਗਰੇਵਾਲ,ਸੇਵਕ ਸਿੰਘ ਮੱਲੀ ,ਅਜਮੇਰ ਸਿੰਘ ਤੂਰ ,ਬੂਟਾ ਸਿੰਘ,ਜਸਵਿੰਦਰ ,ਮੋਹਣਾ ਤੇ ਸੁਖਚੈਨ ਸਿੰਘ ਗਰੇਵਾਲ ਨੇ ਕਿਹਾ ਕਿ ਬੇਮੌਸਮੀਂ ਵਰਖਾ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਕਣਕ ਦੇ ਸਿੱਟੇ ਟੁੱਟ ਅਤੇ ਭੁਰ ਚੱੁਕੇ ਹਨ । ਪੈਂਤੀ ਤੋਂ ਪੰਜਾਹ ਪ੍ਰਤੀਸ਼ਤ ਕਣਕ ਦਾ ਨੁਕਸਾਨ ਹੋਇਆ ਹੈ। ਇਸ ਕੁਦਰਤ ਦੀ ਕਰੋਪੀ ਨਾਲ ਕਿਸਾਨਾਂ ਦੇ ਸਿਰ ਚੜੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ੳਹਨਾਂ ਮੰਗ ਕੀਤੀ ਕਿ ਸਰਕਾਰ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਇਸ ਸਮੇਂ ਚੀਫ਼ ਖੇਤੀਬਾੜੀ ਡਿਵੈਲਪਮੈਂਟ ਅਫ਼ਸਰ ਡਾ.ਹਰਿੰਦਰਜੀਤ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਦਰਜਨ ਕਰੀਬ ਪਿੰਡਾਂ ਵਿੱਚ ਕਣਕ ਦਾ ਨੁਕਸਾਨ ਹੋਇਆ ਹੈ ਜਿਸ ਦੀ ਜਾਣਕਾਰੀ ਉਹ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜਣਗੇ। ਪੱਤਰਕਾਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਬੀਮਾ ਯੋਜਨਾ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਇਹ ਨੀਤੀ ਹਾਲੇ  ਚਾਲੂ ਨਹੀਂ ਹੋਈ। ਕਿਸਾਨ ਬਲਜੀਤ ਗਰੇਵਾਲ,ਊਧਮ ਸਿੰਘ,ਮਨਜੀਤ ਜੀਤੀ ਤੇ ਰਾਜਵਿੰਦਰ ਰੌਂਤਾ ਨੇ ਮੰਗ ਕੀਤੀ ਕਿ ਕਿਸਾਾਨਾਂ ਦੀਆਂ ਫ਼ਸਲਾਂ ਦਾ ਬੀਮਾ ਕਰਨਾ ਸ਼ੁਰੁ ਕੀਤਾ ਜਾਵੇ। ਇਹ ਵੀ ਜਿਕਰਯੋਗ ਹੈ ਕਿ ਸਿਰਫ਼ ਕਣਕਾਂ ਹੀ ਨਹੀਂ ਬੇਮੌਸਮੇਂ ਮੀਂਹ ਨਾਲ ਹਰੇ ਚਾਰੇ ਦਾ ਵੀ ਬੁਰਾ ਹਾਲ ਕੀਤਾ ਹੈ।