ਖੇਤੀ ਕਰਜ਼ਾ ਮੁਆਫ਼ੀ ਯੋਜਨਾ ਦਾ ਜ਼ਿਲੇ ਦੇ 13 ਹਜ਼ਾਰ 267 ਕਿਸਾਨਾਂ ਨੂੰ ਮਿਲਿਆ ਲਾਭ-ਡਾ: ਹਰਜੋਤ ਕਮਲ

ਮੋਗਾ 12 ਅਪ੍ਰੈਲ(ਜਸ਼ਨ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਕਰਜ਼ਿਆਂ ਦੀ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੁਗਾਉਂਦਿਆਂ ਮੋਗਾ ਜ਼ਿਲੇ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 13 ਹਜ਼ਾਰ 267 ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ 51 ਕਰੋੜ 12 ਲੱਖ 48 ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਦਾ ਲਾਭ ਜਲਦ ਦਿੱਤਾ ਜਾਵੇਗਾ। ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਕੈਪਟਨ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।ਡਾ: ਹਰਜੋਤ ਕਮਲ ਨੇ ਜ਼ਿਲੇ ਦੇ ਢਾਈ ਏਕੜ ਤੋਂ ਉੱਪਰ ਅਤੇ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੀ ਪ੍ਰਕਿਰਿਆ ਤੋਂ ਬਾਅਦ, ਉਨਾਂ ਦੇ ਮਾਮਲਿਆਂ ਨੂੰ ਮੁਆਫ਼ੀ ਪ੍ਰਕਿਰਿਆ ਅਧੀਨ ਲਿਆਂਦਾ ਜਾ ਰਿਹਾ ਹੈ ਅਤੇ ਉਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਉਨਾਂ ਆਖਿਆ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਖੇਤੀ ਕਰਜ਼ੇ ਦੀ ਮੁਆਫ਼ੀ ਦੇ ਫ਼ੈਸਲੇ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਤੇ ਹੁਣ ਤੱਕ ਚਾਰ ਅਜਿਹੇ ਸਮਾਗਮ ਕਰਕੇ ਕਿਸਾਨਾਂ ਨੂੰ ਖੇਤੀ ਕਰਜ਼ਿਆਂ ਤੋਂ ਰਾਹਤ ਦਿੱਤੀ ਵੀ ਜਾ ਚੁੱਕੀ ਹੈ। ਵਿਧਾਇਕ ਨੇ ਇਸ ਮਾਮਲੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਨਿਰੋਲ ਰਾਜਨੀਤਕ ਸਵਾਰਥ ਕਰਾਰ ਦਿੱਤਾ। ਉਨਾਂ ਕਿਹਾ ਕਿ 10 ਸਾਲ ਤੱਕ ਪੰਜਾਬ ਵਿੱਚ ਲਗਾਤਾਰ ਰਾਜ ਕਰਨ ਵਾਲੀ ਪਿਛਲੀ ਸਰਕਾਰ ਜੋ ਕਿ ਆਪਣੇ ਆਪ ਨੂੰ ਸਭ ਤੋਂ ਵਧੇਰੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਸੀ, ਵੀ ਕਿਸਾਨਾਂ ਨੂੰ ਇਹ ਰਾਹਤ ਦੇਣ ਵਿੱਚ ਨਾਕਾਮ ਰਹੀ। ਹੁਣ ਉਸੇ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫ਼ੈਸਲੇ ਦੀ ਬੇਲੋੜੀ ਅਲੋਚਨਾ ਕਰਕੇ, ਆਪਣੀ ਕਿਸਾਨ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲਾ ਰਜਿਸਟਰਾਰ ਸਹਿਕਾਰੀ ਸਭਾਵਾਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਢਾਈ ਏਕੜ ਤੋਂ ਘੱਟ ਵਾਲੇ ਯੋਗ ਪਾਏ ਗਏ ਕਿਸਾਨਾਂ ਦੇ ਖੇਤੀ ਕਰਜ਼ ਦੀ ਰਾਸ਼ੀ ਕਰਜ਼ਾ ਮੁਆਫ਼ੀ ਦੇ ਘੇਰੇ ਵਿੱਚ ਆ ਗਈ ਹੈ, ਜਦਕਿ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੀ ਮੁਆਫ਼ੀ ਪ੍ਰਕਿਰਿਆ ਵੀ ਪ੍ਰਗਤੀ ਅਧੀਨ ਹੈ।


