ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ਦੀਦਾਰੇਵਾਲਾ ‘ਚ ਸਬਜ਼ੀਆਂ ਦੀ ਹੋਈ ਤਬਾਹੀ

ਨਿਹਾਲ ਸਿੰਘ ਵਾਲਾ,12 ਅਪਰੈਲ(ਪੱਤਰ ਪਰੇਰਕ) -ਬੀਤੇ ਦਿਨ ਹੋਈ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਪਿੰਡ ਰੌਂਤਾ ਅਤੇ ਇਲਾਕੇ ਦੇ ਪਿੰਡਾਂ ਦੇ ਸਬਜ਼ੀ ਕਾਸ਼ਤਕਾਰਾਂ ਦੀ ਸਬਜ਼ੀ ਦੀ ਕਾਸ਼ਤ ਤਬਾਹ ਕਰ ਦਿੱਤੀ ਹੈ। ਪਿੰਡ ਦੀਦਾਰੇਵਾਲਾ ਵਿਖੇ ਸਬਜ਼ੀ ਦੀ ਖੇਤੀ ਕਰਦੇ  ਕਾਸ਼ਤਕਾਰਾਂ ਨੇ ਦੱਸਆ ਕਿ ਉਹਨਾਂ ਕੋਲ ਢਾਈ ਮਹੀਨੇ ਲਈ 25 ਹਜ਼ਾਰ ਰੁਪਏ ਤੇ ਪ੍ਰਤੀ ਏਕੜ ਖੇਤ ਸੀ ਅਤੇ ਉਹਨਾਂ ਦੇ 10 ਹਜ਼ਾਰ ਦੇ ਬੀਜ ਅਤੇ 4 ਹਜ਼ਾਰ ਰੁਪਏ ਪ੍ਰਤੀ ਏਕੜ ਰੇਹ ਸਪਰੇਅ ਤੇ ਖਰਚ ਹੋਏ ਹਨ। ਪ੍ਰਭਾਵਿਤ ਕਿਸਾਨ ਜਗਸੀਰ ਸਿਘ ,ਅਮਰਜੀਤ ਸਿੰਘ ਦੇ 4.5 ਏਕੜ,ਦਰਸ਼ਨ ,ਚਰਨ ਅਤੇ ਰੂਪ ਦੇ 6 ਏਕੜ, ਗੁਰਮੇਲ,ਚਰਨ ਤੇ ਬਲਵੰਤ ਦੇ 3 ਏਕੜ,ਮੱਖਣ ਜਗਦੇਵ ਦੇ 5 ਏਕੜ,ਗੁਰਮੇਲ ਦਾ 1 ਏਕੜ,ਜੱਗਾ ਦੇ 2 ਏਕੜ ’ਚ ਲਗਾਈ ਸਬਜ਼ੀ ਤਬਾਹ ਹੋਈ ਹੈ ਜਿਸ ਵਿੱਚ ਖੀਰੇ,ਕੱਦੂ,ਭਿੰਡੀ,ਕਰੇਲੇ ਆਦਿ ਲਗਾਏ ਗਏ ਸਨ। ਪੀੜਤ ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਉਹਨਾਂ ਨੂੰ ਘੱਟੋ ਘੱਟ ਪ੍ਰਤੀ ਏਕੜ ਪੰਜਾਹ ਹਜ਼ਾਰ ਦੀ ਸਹਾਇਤਾ ਦਿੱਤੀ ਜਾਵੇ। ਕਾਸ਼ਤਕਾਰਾਂ ਗੁਰਚਰਨ ਸਿੰਘ,ਦਰਸ਼ਨ ਸਿੰਘ,ਰੂਪ ਸਿੰਘ ਗੁਰਚਰਨ ਸਿੰਘ ਜਗਸੀਰ ਸਿੰਘ ਤੇ ਅਮਰਜੀਤ ਸਿੰਘ ਨੇ ਖੇਤੀ ਮਹਿਕਮੇਂ ਅਤੇ ਪੰਜਾਬ ਸਰਕਾਰ ਤੋਂ ਢੁੱਕਵੇਂ ਮੁਆਵਜੇ ਦੀ ਮੰਗ ਕੀਤੀ ਹੈ।