ਨਾਨਕਸ਼ਾਹ ਫਕੀਰ ਫਿਲਮ ਚਲਾਉਣ ਦੀ ਆਗਿਆ ਦੇਣਾ ਸਿੱਖਾਂ ਦੇ ਧਾਰਮਿਕ ਆਜ਼ਾਦੀ ਦੇ ਅਧਿਕਾਰ ’ਤੇ ਹਮਲਾ ਹੈ-ਡਾ: ਸੰਤ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ

ਮੋਗਾ,12 ਅਪਰੈਲ (ਜਸ਼ਨ)- ‘ਫਿਲਮ ਨਾਨਕਸ਼ਾਹ ਫਕੀਰ ਨੂੰ ਚਲਾਉਣ ਦੀ ਆਗਿਆ ਦੇਣਾ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਨਾਮ ਹੇਠ ਸਿੱਖਾਂ ਦੇ ਧਾਰਮਿਕ ਆਜ਼ਾਦੀ ਦੇ ਅਧਿਕਾਰ,ਸਿੱਖ ਭਾਵਨਾਵਾਂ ਤੇ ਸਿੱਖੀ ਸਿਧਾਂਤਾਂ ’ਤੇ ਸਿੱਧਾ ਹਮਲਾ ਹੈ। ਕਿਸੇ ਵੱਲੋਂ ਵੀ ਗੁਰੂ ਸਾਹਿਬਾਨ,ਗੁਰੂ ਪਰਿਵਾਰਕ ਮੈਂਬਰਾਂ,ਪੰਜ ਪਿਆਰੇ ਸਾਹਿਬਾਨ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਕਿਰਦਾਰ ਕਰਨ ਦੀ ਹਰਕਤ ਨਾ-ਕਾਬਲੇ -ਬਰਦਾਸ਼ਤ ਹੈ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਨੇ ਮੀਡੀਆ ਲਈ ਇਕ ਪ੍ਰੈਸ ਰਿਲੀਜ਼ ਕਰਦਿਆਂ ਕੀਤਾ। ਡਾ: ਗੁਰਨਾਮ ਸਿੰਘ ਨੇ ਆਖਿਆ ਕਿ ਇਸ ਲਈ ਫਿਲਮ ਦੇ ਬਣਾਉਣ ਤੇ ਚਲਵਾਉਣ ਲਈ ਯਤਨਸ਼ੀਲ ਧਿਰਾਂ ਨੂੰ ਸੂਝ ਤੇ ਸੰਜਮ ਤੋਂ ਕੰਮ ਲੈ ਕੇ ਸਿੱਖ ਪੰਥ ਦੀਆਂ ਭਾਵਨਾਵਾਂ ਭੜਕਾਉਣ ਤੋਂ ਗੁਰੇਜ਼ ਕਰਕੇ ਭਾਰਤ ਦੇ ਹਾਲਾਤ ਖਰਾਬ ਹੋਣ ਤੋਂ ਬਚਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਦੋਂ ਸਿੱਖਾਂ ਦੇ ਨੌਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਲਈ ਆਪਾ ਕੁਰਬਾਨ ਕਰਕੇ ਰਾਸ਼ਟਰ ਪਿਤਾ ਦਾ ਕਿਰਦਾਰ ਨਿਭਾਅ ਕੇ ਅਮਨ ,ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸਬਕ ਪੜਾਇਆ ਹੈ ਤਾਂ ਉਹਨਾਂ ਦੇ ਸਿੱਖ ਆਪਣੇ ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ’ਤੇ ਹਮਲੇ ਬਿਲਕੁੱਲ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵਿਵਾਦਤ ਫਿਲਮ ਚਲਾਉਣ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ,ਸ਼ੋ੍ਰਮਣੀ ਕਮੇਟੀ,ਪੰਥਕ ਸੰਸਥਾਵਾਂ ਤੇ ਆਗੂਆਂ ਨੂੰ ਵੀ ਧੱੜੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਸਿਧਾਂਤਹੀਣਤਾ ਵਿਰੁੱਧ ਇਕਜੁੱਟਤਾ ਨਾਲ ਡੱਟਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਕੋਝੀ ਹਰਕਤ ਨਾ ਕਰ ਸਕੇ।


