ਸੂਬਾ ਸਰਕਾਰ ਅਤੇ ਸ਼ੋ੍ਰਮਣੀ ਕਮੇਟੀ ਮਹਿਲਾ ਸਿੱਖ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਨ ਲਈ ਯੋਗ ਉਪਰਾਲੇ ਕਰੇ-ਗਤਕੇਬਾਜ਼ ਰਮਨਦੀਪ ਕੌਰ ਥਰਾਜ

ਮੋਗਾ,13 ਅਪਰੈਲ (ਜਸ਼ਨ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਮੂਹ ਪੰਜਾਬੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਉੱਚ ਅਕਾਦਮਿਕ ਸਿੱਖਿਆਵਾਂ ਦੇਣ ਤੋਂ ਇਲਾਵਾ ਉਹਨਾਂ ਨੂੰ ਗਤਕੇਬਾਜ਼ੀ ਦੀ ਸਿੱਖਿਆ ਜ਼ਰੂਰ ਦਿਵਾਈਏ ਤਾਂ ਕਿ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਤੋਂ ਇਲਾਵਾ ਪੰਜਾਬ ਦੀਆਂ ਧੀਆਂ ਨੂੰ ਸਵੈ ਰੱਖਿਆ ਕਰਨ ਦਾ ਮਾਣ ਮਿਲ ਸਕੇ ਤੇ ਉਨਾਂ ਦਾ ਸਵੈ ਵਿਸ਼ਵਾਸ਼ ਮਜ਼ਬੂਤ ਹੋਵੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੀ ਰਾਜ ਪੱਧਰੀ ਗਤਕੇਬਾਜ਼ ਰਮਨਦੀਪ ਕੌਰ ਥਰਾਜ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਚੀਨ ਅਤੇ ਜਾਪਾਨ ਵਰਗੇ ਮੁਲਕ ਆਪਣੀਆਂ ਧੀਆਂ ਦੀ ਸਵੈ ਰੱਖਿਆ ਤੇ ਆਤਮ ਵਿਸ਼ਵਾਸ਼ ਦੇ ਵਾਧੇ ਲਈ ਮਹਿਲਾਵਾਂ ਨੂੰ ਕਰਾਟੇਬਾਜ਼ੀ ਲਈ ਉਤਸ਼ਾਹਿਤ ਕਰ ਰਹੇ ਹਨ। ਰਮਨਦੀਪ ਕੌਰ ਨੇ ਸੂਬਾ ਸਰਕਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿਲਾ ਸਿੱਖ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਨ ਦੇ ਜ਼ੋਰਦਾਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਉਨਾਂ ਦੇ ਮਾਤਾ ਪਰਮਜੀਤ ਕੌਰ, ਭੈਣ ਅਮਨਦੀਪ ਕੌਰ ਅਤੇ ਭਰਾ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।


