‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਵਲੋਂ ਵਿਸਾਖੀ ਮੌਕੇ ਮਹਿਲਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ

ਮੋਗਾ, 14 ਅਪਰੈਲ (ਜਸ਼ਨ)- ‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਵਲੋਂ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵਿਸਾਖੀ ਮੌਕੇ ਮਹਿਲਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੋਗਾ ਜ਼ਿਲੇ ਦੇ ਹਰ ਪਿੰਡ ਵਿਚੋਂ ਕੁਦਰਤੀ ਖੇਤੀ ਅਤੇ ਘਰੇਲੂ ਬਗੀਚੀ ਲਗਾਉਣ ਵਾਲੀਆਂ ਦੋ -ਦੋ ਮਹਿਲਾਵਾਂ ਨੂੰ ਸਨਮਾਨਿਤ ਕਰਦਿਆਂ ਉੁਹਨਾਂ ਨਾਲ ਆਈਆਂ 10-10 ਮਹਿਲਾਵਾਂ ਨੂੰ ਵੀ ਕੁਦਰਤੀ ਖੇਤੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਖੇਤੀ ਮਾਹਿਰਾਂ ਵੱਲੋਂ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਫਸਲਾਂ ਦੀ ਸਾਂਭ ਸੰਭਾਲ ਲਈ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਪੰਜਾਬ ਪ੍ਰਦੇਸ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਾ: ਰਜਿੰਦਰ ਕੌਰ ਕਮਲ , ਡਾ: ਹਰਪ੍ਰੀਤ ਕੌਰ ਮੱਲੀ, ਸ਼੍ਰੀਮਤੀ ਓਮ ਪ੍ਰਭਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੱਲੋਂ ਪੰਜਾਬ ਪ੍ਰਦੇਸ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਦਾ ਸਮਾਗਮ ਵਿਚ ਪਹੰੁਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਿਚਨ ਗਾਰਡਨ ਤਿਆਰ ਕਰਨ ਵਾਲੀ ਡਾ: ਕਰਮਜੀਤ ਕੌਰ ਮੱਦੋਕੇ , ਸਫਲ ਕਿਸਾਨ ਜਗਰੂਪ ਕੌਰ ਡਰੋਲੀ,ਸਫਲ ਡੇਅਰੀ ਪਾਲਕ ਲਖਬੀਰ ਕੌਰ ਡਰੋਲੀ,ਟੈਰਿਸ ਗਾਰਡਨਰ ਮਹਿੰਦਰਪਾਲ ਕੌਰ ਤੋਂ ਇਲਾਵਾ ਸਵਾਤੀ ਗਰੁੱਪ ਲੰਢੇਕੇ, ਸੋਚ, ਮਹਿਲਾ ਖਤਰੀ ਸਭਾ ਆਦਿ ਸਵੈਸੇਵੀ ਜਥੇਬੰਦੀਆਂ ਨੂੰ ਸਨਮਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਕਪੂਰੇ, ਡਾ: ਪਰਮਪਾਲ ਕੌਰ ਜੌਹਲ,ਕੇ ਵੀ ਕੇ ਬੁੱਧ ਸਿੰਘਵਾਲਾ ਤੋਂ ਮੈਡਮ ਅਮਨਪ੍ਰੀਤ ਕੌਰ,ਖੇਤੀਬਾੜੀ ਅਫਸਰ ਡਾ: ਹਰਨੇਕ ਰੋਡੇ ,ਡਾ: ਬਲਜਿੰਦਰ ਸਿੰਘ , ਸ: ਦਰਸ਼ਨ ਸਿੰਘ ,ਸ: ਅਮਰਜੀਤ ਸਿੰਘ ਤੋਂ ਇਲਾਵਾ ਵਿਭਾਗ ਨਾਲ ਸੰਬਧਤ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸਮਾਗਮ ਵਿਚ ਪੇਂਡੂ ਖੇਤਰ ਤੋਂ ਸਫ਼ਲ ਕਿਸਾਨ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਇਸ ਮੌਕੇ ਮਮਤਾ ਦੱਤਾ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਵੱਲੋਂ ਵਿਸਾਖੀ ਦੇ ਸ਼ੁੱਭ ਦਿਹਾੜੇ ’ਤੇ 85 ਸਫ਼ਲ ਕਿਸਾਨ ਗ੍ਰਹਿਣੀਆਂ ਨੂੰ ਸਨਮਨਿਤ ਕਰਨਾ ਸ਼ਲਾਘਾਯੋਗ ਕਾਰਜ ਹੈ । ਉਹਨਾਂ ਆਖਿਆ ਕਿ ਇਹ ਮਹਿਲਾਵਾਂ ਆਪਣੇ ਖੇਤਾਂ ਵਿਚ ਸ਼ਬਜ਼ੀਆਂ ਦੀ ਕਾਸ਼ਤ ਕਰਦੀਆਂ ਹਨ ਜੋ ਕਿ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖਣ ਲਈ ਵੱਡਾ ਉਪਰਾਲਾ ਹੈ । ਉਹਨਾਂ ਆਖਿਆ ਕਿ ਬਜ਼ਾਰ ‘ਚ ਵਿਕਦੀਆਂ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਹਨ ਅਤੇ ਇਹਨਾਂ ਮਹਿਲਾਵਾਂ ਵੱਲੋਂ ਆਪਣੇ ਗੁਜ਼ਾਰੇ ਜੋਗੀ ਖੇਤੀ ਘਰੇ ਕਰਕੇ ਜਿੱਥੇ ਇਹ ਆਪਣੇ ਪਰਿਵਾਰ ਨੂੰ ਸ਼ੁੱਧ ਅਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਂਦੀਆਂ ਹਨ ਉੱਥੇ ਘਰ ਦੇ ਖਰਚੇ ਨੂੰ ਘੱਟ ਕਰਨ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਮਾਗਮ ਵਿਚ ਪਹੰੁਚੀਆਂ ਪੇਂਡੂ ਗ੍ਰਹਿਣੀਆਂ ਦੀ ਸਲਾਹੁਤਾ ਕਰਦਿਆਂ ਆਖਿਆ ਕਿ ਔਰਤਾਂ ਮਰਦਾਂ ਨਾਲੋਂ ਕਿਤੇ ਵੱਧ ਸੰਜਮ ਨਾਲ ਆਪਣੇ ਵੱਖ ਵੱਖ ਕਿਰਦਾਰ ਨੂੰ ਬਾਖੂਬੀ ਨਿਭਾਉਂਦੀਆਂ ਹਨ । ਉਹਨਾਂ ਆਖਿਆ ਕਿ ਕੰਮਕਾਜੀ ਮਹਿਲਾਵਾਂ ਨੌਕਰੀ ਕਰਨ ਦੇ ਨਾਲ ਨਾਲ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ ਅਤੇ ਇਸ ਤੋਂ ਬਾਅਦ ਵਿਚ ਬੱਚਦੇ ਬਾਕੀ ਸਮੇਂ ਵਿਚ ਉਹ ਘਰੇਲੂ ਬਗੀਚੀ ਉਗਾ ਕੇ ਆਪਣੇ ਪਰਿਵਾਰ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰ ਸਕਦੀਆਂ ਹਨ । ਉਹਨਾਂ ਆਖਿਆ ਕਿ ਅਜੋਕੇ ਸਮੇਂ ਵਿਚ ਜਿੱਥੇ ਮਨੁੱਖ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਉੱਥੇ ਰੋਜ਼ਮਰਰਾ ਦੀ ਜ਼ਿੰਦਗੀ ਵਿਚ ਹੱਥੀਂ ਕਿਰਤ ਕਰਨ ਦੀ ਜਗਹ ਹਰ ਕੰਮ ਲਈ ਮਸ਼ੀਨਾਂ ’ਤੇ ਨਿਰਭਰ ਕਰਨ ਲੱਗ ਪਿਆ ਹੈ ਜਿਸ ਕਾਰਨ ਆਮ ਲੋਕਾਂ ਦੀਆਂ ਉਮਰਾਂ ਵਿਚ ਪਹਿਲਾਂ ਨਾਲੋਂ ਘਟਾਅ ਦਰਜ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਮਨੁੱਖ ਇਸੇ ਗਤੀ ਨਾਲ ਮਸ਼ੀਨਾਂ ’ਤੇ ਨਿਰਭਰ ਹੰੁਦਾ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਨਿੱਕੀ ਉਮਰੇ ਵਿਚ ਹੀ ਭਿਆਨਕ ਬੀਮਾਰੀਆਂ ਦੀ ਗਿ੍ਰਫਤ ਵਿਚ ਆਉਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਹਰ ਘਰ ਆਪਣੇ ਜੋਗੀ ਸਾਗ ਸਬਜ਼ੀ ਅਤੇ ਸ਼ੁੱਧ ਦੁੱਧ ਦੇ ਨਾਲ ਨਾਲ ਆਪਣੇ ਲਈ ਗਾਂ, ਮੱਝ ਜਾਂ ਬਕਰੀ ਜ਼ਰੂਰ ਰੱਖੇ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕੇ। ਉਹਨਾਂ ਆਖਿਆ ਕਿ ਅੱਜ ਦੇ ਸਮਾਗਮ ਵਿਚ ਆਈਆਂ ਇਹ ਮਹਿਲਾਵਾਂ ਸਨਮਾਨ ਦੀਆਂ ਪਾਤਰ ਹਨ ਜਿਹਨਾਂ ਨੇ ਆਪਣੇ ਵਿਲੱਖਣ ਹੁਨਰ ਨਾਲ ਖੁਦ ਖੇਤੀ ਕਰਨ ਅਤੇ ਸਹਿਯੋਗੀ ਧੰਦੇ ਅਪਣਾ ਕੇ ਪਰਿਵਾਰ ਦੀ ਸਫਲਤਾ ਵਿਚ ਯੋਗਦਾਨ ਪਾ ਰਹੀਆਂ ਹਨ । ਇਸ ਮੌਕੇ ਮੈਡਮ ਡਾ: ਹਰਵੀਨ ਕੌਰ ਨੇ ਆਈਆਂ ਗ੍ਰਹਿਣੀਆਂ ਨੂੰ ਮੱਝਾਂ ,ਗਾਂਵਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਉਹਨਾਂ ਨੂੰ ਡੇਅਰੀ ਦੇ ਕਿੱਤੇ ਨੂੰ ਸਫ਼ਲ ਕਰਨ ਲਈ ਜਾਣਕਾਰੀ ਵੀ ਦਿੱਤੀ । ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਸਟਾਲਾਂ ਵੀ ਲਗਾਈਆਂ ਗਈਆਂ ਜਿੱਥੇ ਸ਼ੁੱਧ ਹਲਦੀ, ਸ਼ਹਿਦ ਅਤੇ ਹੋਰ ਖਾਦ ਪਦਾਰਥ ਨੂੰ ਲੋਕਾਂ ਨੇ ਬਹੁਤ ਦਿਲਚਸਪੀ ਨਾਲ ਖਰੀਦਿਆਂ । ਇਸ ਮੌਕੇ ਮਹਿਲਾਵਾਂ ਨੂੰ ਫਲਾਂ ਵਾਲੇ ਪੌਦੇ ਵੀ ਵੰਡੇ ਗਏ।


