ਐਸ.ਐਚ.ਉ. ਵੱਲੋਂ ਡਾ. ਅੰਡੇਦਕਰ ਦੇ ਜਨਮ ਦਿਨ ਲਈ ਪੈਲੇਸ ਦੇਣ ‘ਤੇ ਮਾਲਕ ਨੂੰ ਪਰਚਾ ਦਰਜ ਕਰਨ ਦੀ ਧਮਕੀ

ਬਾਘਾਪੁਰਾਣਾ, 14 ਅਪਰੈਲ (ਜਸਵੰਤ ਗਿੱਲ ਸਮਾਲਸਰ)-ਅੱਜ ਪੇਂਡੂ ਮਜ਼ਦੂਰ ਯੂਨੀਅਨ, ਪੀ ਐਸ ਯੂ ਅਤੇ ਵਾਲਮੀਕਿ ਸਮਾਜ ਵੱਲੋਂ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਤੇ ਦੋਸ਼ ਲਗਾਉਂਦਿਆਂ ਡੀ ਐੱਸ ਪੀ ਬਾਘਾਪੁਰਾਣਾ  ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿ ਉਹਨਾਂ ਵੱਲੋਂ ਮਹਿੰਦਰਾ ਪੈਲੇਸ ਬਾਘਾਪੁਰਾਣਾ ਵਿਖੇ ਡਾ. ਅੰਬੇਦਕਰ  ਦਾ ਜਨਮ ਦਿਨ ਮਨਾਇਆ ਜਾਣਾ ਸੀ, ਪਰ ਐਨ ਮੌਕੇ, ਤੇ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਨੇ ਪੈਲੇਸ ਮਾਲਕ ਨੂੰ ਧਮਕੀ ਦਿੱਤੀ ਕਿ ਅਗਰ ਪੈਲੇਸ ਵਿਚ ਸਮਾਗਮ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਤੈਨੂੰ ਚੁੱਕ ਲਵਾਂਗੇ ਅਤੇ ਪਰਚਾ ਦਰਜ ਕਰਾਂਗੇ। ਉਹਨਾਂ ਦੋਸ਼ ਲਗਾਇਆ ਕਿ ਐਸ.ਐਚ.ਉ. ਨੇ ਆਪਣੀ ਉੱਚ ਜਾਤੀ ਦਾ ਹੰਕਾਰ ਕਰਦਿਆਂ ਡਾ. ਅੰਬੇਦਕਰ ਦਾ ਜਨਮ ਦਿਨ ਮਨਾਉਣ ਤੋਂ ਰੋਕਦਿਆਂ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਈ ਹੈ। ਉਹਨਾਂ ਆਖਿਆ ਕਿ ਭਾਰਤੀ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਸਰਵਜਨਕ ਥਾਵਾਂ ਵਰਤਣ, ਸ਼ਾਂਤੀਪੂਰਵਕ ਰੈਲੀ ਜਾਂ ਮੁਜ਼ਾਹਰਾ ਕਰਨ ਦਾ ਅਤੇ ਹਰ ਬੰਦੇ ਨੂੰ ਆਪਣਾ ਕਾਰੋਬਾਰ ਕਰਨ ਦੀ ਖੁੱਲ ਦਿੰਦਾ ਹੈ। ਐਸ.ਐਚ.ਉ. ਨੇ ਇਹ ਸਾਰੇ ਅਧਿਕਾਰ ਖੋਹੇ ਹਨ। ਇਸ ਕਰਕੇ ਇਸ ਐਸ.ਐਚ.ਉ. ਨੂੰ ਤੁਰੰਤ ਬਰਖਾਸਤ ਕਰਕੇ ਇਸ ਉੱਪਰ  ਦਲਿਤ ਭਾਈਚਾਰੇ ਦਾ ਹੱਕ ਖੋਹਣ, ਐਸ.ਸੀ.,ਐਸ.ਟੀ. ਐਕਟ ਤਹਿਤ ਅਤੇ ਸ਼ਾਂਤੀਪੂਰਕ ਇੱਕਠੇ ਹੋ ਕੇ ਵਿਚਾਰ-ਚਰਚਾ ਕਰਨ ਤੋਂ ਰੋਕਣ, ਪੈਲੇਸ ਮਾਲਕ ਤੋਂ ਆਪਣਾ ਕਾਰੋਬਾਰ ਦਾ ਹੱਕ ਖੋਹਣ ਦੇ ਜੁਰਮ ਵਿੱਚ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।    ਇਸ ਸਬੰਧੀ ਜਦੋਂ ਐੱਸ ਐੱਚ ਓ ਜੰਗਜੀਤ ਨਾਲ ਰਾਬਤਾ ਕਰਦਿਆਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਡਾ: ਅੰਬੇਡਕਰ ਦਾ ਜਨਮ ਦਿਨ ਸ਼ਾਂਤਮਈ ਢੰਗ ਨਾਲ ਮਨਾਉਣ ਬਾਰੇ ਆਖਿਆ ਸੀ ਅਤੇ ਸਮਾਗਮ ਨਾ ਕਰਵਾਉਣ ਸਬੰਧੀ ਕੋਈ ਧਮਕੀ ਉਹਨਾਂ ਵੱਲੋਂ ਨਹੀਂ ਸੀ ਦਿੱਤੀ ਗਈ।