ਪਿਤਾ ਪੁੱਤਰ ਡਾਕਟਰਾਂ ਨੇ ਮਰੀਜ਼ ਕੀਤਾ ਰੈਫਰ , ਰਸਤੇ ‘ਚ ਹੋਈ ਮੌਤ,ਪੁਲਿਸ ਵੱਲੋਂ ਦੋਨੋਂ ਡਾਕਟਰ ਗਿ੍ਰਫਤਾਰ,ਪ੍ਰਾਈਵੇਟ ਡਾਕਟਰਾਂ ਨੇ ਕੀਤੀ ਹੜਤਾਲ

ਮੋਗਾ,14 ਅਪ੍ਰੈਲ (ਜਸ਼ਨ)ਬਾਘਾਪੁਰਾਣਾ ਵਿਚ ਪਿਓ-ਪੁੱਤ ਵੱਲੋਂ ਪ੍ਰਾਈਵੇਟ ਡਾਕਟਰਾਂ ਉੱਤੇ ਪੁਲਿਸ ਦੁਆਰਾ ਗਿਰਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਮੋਗੇ ਦੇ ਸਮੂਹ ਪ੍ਰਾਈਵੇਟ ਡਾਕਟਰਾਂ ਨੇ 2 : 00 ਵਜੇ ਤੱਕ ਆਪਣੇ ਕੰਮਧੰਦਾ ਬੰਦ ਰੱਖ ਕੇ ਐਮਰਜੇਂਸੀ ਸੇਵਾਵਾਂ ਵੀ ਬੰਦ ਰੱਖੀਆਂ। ਇਸ ਮੌਕੇ ਉੱਤੇ ਆਈ ਐਮ. ਏ ਦੇ ਪ੍ਰਧਾਨ ਡਾ ਸੰਜੀਵ ਮਿੱਤਲ ਅਤੇ ਡਾ ਸੀਮਾਂਤ ਗਰਗ ਨੇ ਸ਼ਹੀਦੀ ਪਾਰਕ ਦੇ ਆਈ ਐਮ ਏ ਹਾਲ ਵਿਚ ਸਮੂਹ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੁਆਰਾ ਜੋ ਕਨੂੰਨ ਬਣਾਏ ਗਏ ਹਨ , ਉਸਦੇ ਅਨੁਸਾਰ ਹੀ ਪ੍ਰਾਇਵੇਟ ਡਾਕਟਰ ਆਪਣੀ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ। ਉਨਾਂ ਕਿਹਾ ਕਿ ਕੋਈ ਵੀ ਐਮਰਜੇਂਸੀ ਕੇਸ ਉਨਾਂ ਦੇ ਹਸਪਤਾਲ ਵਿੱਚ ਆਉਂਦਾ ਹੈ ਤਾਂ ਡਾਕਟਰ ਉਸ ਨੂੰ ਮੁੱਢਲੀ ਸਿਹਤ ਸੇਵਾਵਾਂ ਦਿੰਦੇ ਹਨ ਤਾਂ ਕਿ ਮਰੀਜ ਦੀ ਜਾਨ ਬਚ ਸਕੇ, ਪਰ ਪੁਲਿਸ ਸੁਪਰੀਮ ਕੋਰਟ ਦੇ ਨਿਯਮਾਂ ਦੀ ਅਨਦੇਖੀ ਕਰਕੇ ਲੋਕਾਂ ਦੇ ਕਹਿਣ ਉੱਤੇ ਡਾਕਟਰਾਂ ਉੱਤੇ ਨਾਜਾਇਜ ਕਾਰਵਾਈ ਕਰਦੀ ਹੈ, ਜਿਸ ਦਾ ਸਮੂਹ ਡਾਕਟਰ ਵਿਰੋਧ ਕਰਦੇ ਹਨ। ਉਨਾਂ ਕਿਹਾ ਕਿ ਬਾਘਾ ਪੁਰਾਣਾ ਵਿਚ ਪ੍ਰਾਈਵੇਟ ਡਾਕਟਰ ਪਿਤਾ-ਪੁੱਤ ਨੇ ਇੰਜ ਹੀ ਇਕ ਦੁਰਘਟਨਾ ਦੇ ਮਾਮਲੇ ਵਿਚ ਜਖ਼ਮੀ ਵਿਅਕਤੀ ਨੂੰ ਮੁੱਢਲੀ ਸੇਵਾ ਦੇ ਕੇ ਉਸ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ। ਜਿਸ ਦੀ ਰਸਤੇ ਵਿਚ ਮੌਤ ਹੋ ਗਈ, ਪਰ ਉਸ ਦੀ ਜਿੰਮੇਵਾਰੀ ਡਾਕਟਰ ਉੱਤੇ ਪਾਉਣਾ ਗਲਤ ਹੈ। ਉਨਾਂ ਕਿਹਾ ਕਿ ਪੁਲਿਸ ਨੂੰ ਭਾਰਤ ਦੇ ਸੰਵਿਧਾਨ ਦੇ ਕਾਨੂੰਨ ਅਤੇ ਸੁਪਰੀਮ ਕੋਰਟ ਦੇ ਕਾਨੂੰਨਾਂ ਮੁਤਾਬਿਕ ਹੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਪੁਲਿਸ ਪੱਖਪਾਤ ਕਰੇਗੀ ਜਾਂ ਨਾਜਾਇਜ ਡਾਕਟਰਾਂ ਉੱਤੇ ਮਾਮਲੇ ਦਰਜ ਕੀਤੇ ਜਾਣਗੇ ਤਾਂ ਪ੍ਰਾਈਵੇਟ ਡਾਕਟਰ ਮਰੀਜਾਂ ਨੂੰ ਮੁੱਢਲੀ ਸੇਵਾਵਾਂ ਦੇਣ ਤੋਂ ਵੀ ਗੁਰੇਜ ਕਰਨਗੇ, ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਚੁੱਕਣਾ ਪਵੇਗਾ। ਉਨਾਂ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਵਿਚ ਪੂਰੀ ਜਾਂਚ ਕਰਕੇ ਹੀ ਡਾਕਟਰ ਪਿਤਾ-ਪੁੱਤ ਦੇ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਸੀ , ਲੇਕਿਨ ਪੁਲਿਸ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਨਾ ਕਰਦੇ ਹੋਏ ਲੋਕਾਂ ਦੇ ਕਹਿਣ ਉੱਤੇ ਬਿਨ ਜਾਂਚ ਕੀਤੇ ਮਾਮਲਾ ਦਰਜ ਕਰਕੇ ਪਿਤਾ-ਪੁੱਤ ਨੂੰ ਗਿ੍ਰਫਤਾਰ ਕੀਤਾ ਹੈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਇਸ ਦੀ ਨਿਰਪੱਖ ਜਾਂਚ ਨਾ ਕੀਤੀ ਤਾਂ ਆਈ. ਐਮ. ਏ ਦੁਆਰਾ ਇਸ ਦੇ ਵਿਰੋਧ ਵਿਚ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਉੱਤੇ ਡਾ. ਸੰਦੀਪ ਗਰਗ, ਡਾ. ਅਸ਼ੀਸ਼ ਕੌੜਾ, ਡਾ. ਰਾਜੀਵ, ਡਾ.ਚੰਦਨ ਸਿੰਗਲਾ, ਡਾ. ਅਰੁਣ ਅਗਰਵਾਲ, ਡਾ. ਦਰਸ਼ਨ ਸਿੰਗਲਾ, ਡਾ. ਰਾਣੀ ਬਾਂਸਲ, ਡਾ. ਕੇਵਲ ਬਾਂਸਲ, ਡਾ.ਪ੍ਰਦੀਪ, ਡਾ. ਸੁਮੇਸ਼ ਖੰਨਾ, ਡਾ. ਰਾਜੀਵ ਗੁਪਤਾ, ਡਾ. ਅਰੁਣ ਸੂਦ, ਡਾ. ਅਨੂਪ ਸੂਦ, ਡਾ. ਇਕਬਾਲ ਸਿੰਘ, ਡਾ. ਐਮ ਐਸ ਸਿੱਧੂ, ਡਾ. ਨੀਲੂ ਕੌੜਾ, ਡਾ. ਨਵਰਾਜ ਸਿੰਘ, ਡਾ. ਜਤਿੰਦਰ ਕੌਰ, ਡਾ. ਰਮੇਸ਼ ਮਿੱਤਲ, ਡਾ. ਨਿਤੀਨ ਬਾਂਸਲ, ਡਾ. ਰਮੇਸ਼ ਲਾਲ ਗੋਇਲ, ਡਾ. ਸੁਕੰਨਿਆ ਮਿੱੱਲ , ਡਾ ਪ੍ਰਭਾ ਮਿੱਤਲ, ਡਾ. ਨਰੇਸ਼ ਸ਼ਰਮਾ, ਡਾ. ਰਮੇਸ਼ ਚੰਦਰ ਕਾਂਸਲ ਤੋਂ ਇਲਾਵਾ ਮੋਗਾ ਜਿਲੇ ਦੇ ਸਮੂਹ ਡਾਕਟਰ ਮੌਜੂਦ ਰਹੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


