ਛੇ ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ, ਨਿਹਾਲ ਸਿੰਘ ਵਾਲਾ ਦੀ ਸੰਘਣੀ ਅਬਾਦੀ ’ਚ ਹੋਈ ਵਾਰਦਾਤ

ਮੋਗਾ, 16 ਅਪਰੈਲ (ਜਸ਼ਨ)-ਮੋਗਾ ਜ਼ਿਲੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਅੱਜ ਸਿਖਰ ਦੁਪਹਿਰੇ ਦੋ ਲੁਟੇਰੇ ਇਕ ਕਰਿਆਨਾ ਵਪਾਰੀ ਦੇ ਘਰੋਂ ਛੇ ਲੱਖ ਰੁਪਏ ਲੁੱਟ ਕੇ ਲੈ ਗਏ। ਨਿਹਾਲ ਸਿੰਘ ਵਾਲਾ ਤੋਂ ਧੂੜਕੋਟ ਨੂੰ ਜਾਂਦੀ ਸੜਕ ’ਤੇ ਰਹਿੰਦੇ ਵਪਾਰੀ ਪਦਮ ਜੈਨ ਪੁੱਤਰ ਬਨਾਰਸੀਦਾਸ ਦੀ ਦੁਕਾਨ ਵੀ ਘਰ ਵਿਚ ਹੀ ਬਣੀ ਹੋਈ ਹੈ ਅਤੇ ਘਟਨਾ ਉਸ ਸਮੇਂ ਵਾਪਰੀ ਜਦੋਂ ਪਦਮ ਜੈਨ ਕਿਸੇ ਕੰਮ ਲਈ ਬਾਜ਼ਾਰ ਗਿਆ ਅਤੇ ਦੁਕਾਨ ਦੇ ਪਿੱਛੇ ਬਣੇ ਉਸ ਦੇ ਘਰ ਵਿਚੋਂ ਉਸ ਦੀ ਪਤਨੀ ਮੰਜੂ ਜੈਨ ਦੁਕਾਨ ਦੇ ਅੰਦਰੋਂ ਹੀ ਦੁਕਾਨ ’ਤੇ ਆਉਣ ਵਾਲਿਆਂ ’ਤੇ ਨਿਗਾਹ ਰੱਖ ਰਹੀ ਸੀ। ਇਸੇ ਸਮੇਂ ਦੋ ਅਣਪਛਾਤੇ ਵਿਅਕਤੀ ਦੁਕਾਨ ਅੰਦਰ ਆਏ ਅਤੇ ਇਕ ਵਿਅਕਤੀ ਨੇ ਦੁਕਾਨ ਦੇ ਸ਼ੀਸ਼ੇ ਦੇ ਦਰਵਾਜੇ ਨੂੰ ਅੰਦਰੋਂ ਚਿਟਕਣੀ ਲਾ ਕੇ ਬੰਦ ਕਰ ਲਿਆ ਜਦਕਿ ਦੂਸਰੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਮੰਜੂ ਦਾ ਮੂੰਹ ਬੰਨ ਕੇ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦਿਆਂ ਘਰ ਵਿਚ ਪਏ ਪੈਸਿਆਂ ਬਾਰੇ ਪੁੱਛਿਆ ।

 ਬੇਹੱਦ ਡਰੀ ਹੋਈ ਮੰਜੂ ਨੇ ਬੈੱਡ ਰੂਮ ਵਿਚ ਪਏ ਛੇ ਲੱਖ ਰੁਪਏ ਲੁਟੇਰਿਆਂ ਹਵਾਲੇ ਕਰ ਦਿੱਤੇ  ਅਤੇ ਦੋਨੋਂ ਲੁਟੇਰੇ ਸਿਰ ’ਤੇ ਬੰਨਣ ਵਾਲੇ ਪਰਨੇ ਵਿਚ ਛੇ ਲੱਖ ਰੁਪਏ ਲਪੇਟ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਸਨ ਕਿ ਉਹਨਾਂ ਬਿੰਨਾ ਮੰੂਹ ਢੱਕਿਆ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਜਾਂਦੇ ਹੋਏ ਦੁਕਾਨ ਦੇ ਬਾਹਰਲੀ ਚਿਟਕਣੀ ਬੰਦ ਕਰ ਗਏ । ਪ੍ਰਤਖ ਦਰਸ਼ੀਆਂ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਕਾਨ ਦੇ ਨੇੜੇ ਬੋਹੜ ਦਾ ਦਰੱਖਤ ਹੈ ਜਿਥੇ ਆਮ ਤੌਰ ’ਤੇ ਕਿਰਤੀ ਮਜ਼ਦੂਰ ਬੈਠਦੇ ਹਨ ਅਤੇ ਦੋਨੋਂ ਲੁਟੇਰੇ ਅੱਜ ਇਸੇ ਬੋਹੜ ਹੇਠ ਮਜ਼ਦੂਰਾਂ ਨਾਲ ਬੈਠੇ ਵਾਰਦਾਤ ਨੂੰ ਅੰਜਾਮ ਦੇਣ ਲਈ ਉਡੀਕ ਕਰਦੇ ਰਹੇ ਅਤੇ ਜਦੋਂ ਹੀ ਪਦਮ ਜੈਨ ਦੁਕਾਨ ’ਚੋਂ ਬਾਹਰ ਗਿਆ ਤਾਂ ਉਹ ਦੋਨੋਂ ਦੁਕਾਨ ਅੰਦਰ ਵੜ ਗਏ ਅਤੇ ਮੰਜੂ ਨੂੰ ਖਲ ਦਾ ਭਾਅ ਪੁੱਛਿਆ । 

ਜਦ ਮੰਜੂ ਆਪਣੇ ਪਤੀ ਤੋਂ ਖਲ ਦਾ ਭਾਅ ਪੁੱਛਣ ਲਈ ਫੋਨ ਕਰਨ ਵਾਸਤੇ ਘਰ ਅੰਦਰੋਂ ਫੋਨ ਲੈਣ ਗਈ ਤਾਂ ਲੁਟੇਰੇ ਉਸ ਦੇ ਮਗਰ ਹੀ ਚਲੇ ਗਏ ਅਤੇ ਇਕ ਲੁਟੇਰੇ ਨੇ ਹੱਥ ਨਾਲ ਉਸ ਦਾ ਮੂੰਹ ਬੰਦ ਕਰਕੇ ਘਟਨਾ ਨੂੰ ਅੰਜਾਮ ਦੇ ਦਿੱਤਾ। ਇਹ ਘਟਨਾ ਸੰਘਣੀ ਵਸੋਂ ਵਾਲੀ ਆਬਾਦੀ ਵਿਚ ਵਾਪਰੀ ਇਸ ਕਰਕੇ ਪੁਲਿਸ ਵੱਲੋਂ ਧੂੜਕੋਟ ਚੌਂਕ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਲੁਟੇਰੇ ਇਕ ਸਕੂਟਰ ’ਤੇ ਆਏ ਜੋ ਉਹਨਾਂ ਨੇ ਦੁਕਾਨ ਤੋਂ ਕਾਫ਼ੀ ਦੂਰ ਖੜਾ ਕੀਤਾ ਹੋਇਆ ਸੀ । ਮੰਜੂ ਵੱਲੋਂ ਫੁਟੇਜ ਨੂੰ ਦੇਖ ਕੇ ਦੋਨਾਂ ਲੁਟੇਰਿਆਂ ਦੀ ਤਸਦੀਕ ਕਰ ਦਿੱਤੀ ਗਈ ਹੈ। ਘਟਨਾ ਸਥਾਨ ’ਤੇ ਸਰਬਜੀਤ ਸਿੰਘ ਬਾਹੀਆ ਡੀ ਐੱਸ ਪੀ ਡੀ, ਡੀ ਐੱਸ ਪੀ ਸੁਬੇਗ ਸਿੰਘ,ਸੀ ਆਈ ਏ ਸਟਾਫ਼ ਦੇ ਇੰਚਾਰਜ ਕਿੱਕਰ ਸਿੰਘ,ਐੱਸ ਐੱਚ ਓ ਜਸਵੰਤ ਸਿੰਘ ਨਿਹਾਲ ਸਿੰਘ ਵਾਲਾ, ਐੱਚ ਐੱਚ ਓ ਬੱਧਣੀ ਭੁਪਿੰਦਰ ਕੌਰ ਆਦਿ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ--

--ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ------