ਠੇਕੇਦਾਰ ਅਤੇ ਲੇਬਰ ਵਿਵਾਦ ਦੇ ਚੱਲਦਿਆਂ ਫਾਜ਼ਿਲਕਾ ’ਚ ਲੇਬਰ ਨੇ ਕਣਕ ਦੀ ਅਨਲੋਡਿੰਗ ਦਾ ਕੰਮ ਕੀਤਾ ਬੰਦ,ਗੋਦਾਮਾਂ ਦੇ ਬਾਹਰ ਲੱਗੀਆਂ ਟਰੈਕਟਰ ਟਰਾਲੀਆਂ ਦੀ ਲੱਗੀਆਂ ਲੰਬੀਆਂ ਕਤਾਰਾਂ


ਫ਼ਾਜ਼ਿਲਕਾ,16 ਅਪਰੈਲ (ਦਲੀਪ ਦੱਤ) ਫ਼ਾਜ਼ਿਲਕਾ ’ਚ ਕਣਕ ਦੀ ਅਨਲੋਡਿੰਗ ਨੂੰ ਲੈ ਕੇ ਠੇਕੇਦਾਰ ਅਤੇ ਲੇਬਰ ’ਚ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂੁ ਹੋ ਗਿਆ ਹੈ। ਠੇਕੇਦਾਰੀ ਸਿਸਟਮ ਦੇ ਖਿਲਾਫ਼ ਪੰਜਾਬ ਫੂਡਗਰੇਨ ਅਤੇ ਅਲਾਈਡ ਵਰਕਰ ਯੂਨੀਅਨ ਅਤੇ ਪੰਜਾਬ ਪਲੇਦਾਰ ਯੂਨੀਅਨ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਠੇਕੇਦਾਰ ਵੱਲੋਂ ਟੈਂਡਰ ਵਾਪਸ ਨਹੀਂ ਲਿਆ ਜਾਂਦਾ ਅਤੇ ਇਹੀ ਟੈਂਡਰ ਲੇਬਰ ਦੇ ਨਾਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੰਮ ਪੂਰੀ ਤਰਾਂ ਬੰਦ ਰੱਖਿਆ ਜਾਵੇਗਾ। ਦੂਜੇ ਪਾਸੇ ਅਨਲੋਡਿੰਗ ਨਾ ਹੋਣ ਕਾਰਨ ਗੋਦਾਮਾਂ ਦੇ ਬਾਹਰ ਕਣਕ ਦੀਆਂ ਭਰੀਆਂ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਪੰਜਾਬ ਫੂਡਗਰੇਨ ਅਤੇ ਅਲਾਈਡ ਵਰਕਰ ਯੂਨੀਅਨ ਦੇ ਸੂਬਾ ਵਾਈਸ ਪ੍ਰਧਾਨ ਬਲਵੰਤ ਸਿੰਘ ਨੇ ਕਿਹਾ ਕਿ ਠੇਕੇਦਾਰ ਵੱਲੋਂ ਉਹਨਾਂ ਨੂੰ ਭਰੋਸੇ ਵਿਚ ਨਾ ਲੈ ਕੇ ਘੱਟ ਕੀਮਤ ’ਚ ਟੈਂਡਰ ਲੈਣ ਦੇ ਦੋਸ਼ ਦਾ ਨਤੀਜਾ ਹੈ ਕਿ ਅਨਲੋਡਿੰਗ ਬੰਦ ਕਰ ਦਿੱਤੀ ਗਈ ਹੈ। ਹੜਤਾਲ ’ਤੇ ਚਲੇ ਜਾਣ ਨਾਲ ਪੰਜਾਬ ਸਟੇਟ ਵੇਅਰ ਹਾੳੂਸ ,ਮਾਰਕਫੈੱਡ ,ਪਨਗਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਭਾਰੀ ਗਿਣਤੀ ਵਿਚ ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ‘ਚ ਜਦੋਂ ਜ਼ਿਲਾ ਫੂਡ ਸਪਲਾਈ ਕੰਟਰੋਲਰ ਗੀਤਾ ਵਿਸਭੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਸ਼ਾਮ ਨੂੰ ਇਸ ਮਾਮਲੇ ਨੂੰ ਲੈ ਕੇ ਡੀ ਸੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਬੈਠਕ ਬੁਲਾਈ ਜਾਵੇਗੀ ਜਿਸ ਵਿਚ ਠੇਕੇਦਾਰ ਅਤੇ ਮਜ਼ਦੂਰ ਯੂਨੀਅਨ ਦੇ ਵਿਵਾਦ ਨੂੰ ਸੁਲਝਾ ਲਿਆ ਜਾਵੇਗਾ।


