ਸੜ ਕੇ ਸੁਆਹ ਹੋਈ ਪੁੱਤਾ ਵਾਂਗ ਪਾਲੀ ਫਸਲ ,ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ ਅਤੇ ਵੱਡੇਘਰ ’ਚ 50 ੲੋਕੜ ਦੇ ਕਰੀਬ ਕਣਕ ਦੇ ਖੇਤਾਂ ਨੂੰ ਲੱਗੀ ਅੱਗ

ਮੋਗਾ, 17 ਅਪਰੈਲ  (ਜਸ਼ਨ)-ਅੱਜ ਦੁਪਹਿਰ ਸਮੇਂ ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ ਅਤੇ ਵੱਡੇਘਰ ਵਿਖੇ ਤੂੜੀ ਵਾਲੀ ਮਸ਼ੀਨ ਤੋਂ ਨਿਕਲੀ ਅੰਗਾਰੀ ਕਾਰਨ ਕਿਸਾਨਾਂ ਦੀ ਲਗਭਗ 50 ਕਿੱਲੇ ਜ਼ਮੀਨ ਅੱਗ ਦੀ ਲਪੇਟ ਵਿਚ ਆ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਤੂੜੀ ਬਣਾਉਣ ਵਾਲੀ ਮਸ਼ੀਨ ਤੋਂ ਨਿਕਲੀਆਂ ਚਿੰਗਾੜੀਆਂ ਕਾਰਨ ਪਹਿਲਾਂ ਕੁਝ ਕਿੱਲੇ ਕਣਕ ਦੇ ਖੇਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਬਾਅਦ ਵਿਚ ਇਹ ਅੱਗ ਅੱਗੇ ਤੋਂ ਅੱਗੇ ਫੈਲਦੀ ਗਈ । ਅੱਗ ਫੈਲਣ ਕਾਰਨ ਵੱਖ ਵੱਖ ਕਿਸਾਨਾਂ ਦੀ 30 ਏਕੜ ਕਣਕ ਅਤੇ 30 ਏਕੜ ਨਾੜ ਸੜ ਕੇ ਸੁਆਹ ਹੋ ਗਏ। ਪ੍ਰਤੱਖ ਦਰਸ਼ੀਆਂ ਮੁਤਾਬਕ ਖੇਤਾਂ ਵਿਚ ਕੰਮ ਕਰ ਰਹੀ ਤੂੜੀ ਵਾਲੀ ਮਸ਼ੀਨ ਤੋਂ ਚੰਗਿਆੜੇ ਨਿਕਲਣ ਕਰਕੇ ਟਾਂਗਰ ਨੂੰ ਅੱਗ ਲੱਗ ਗਈ ਪਰ ਮਸ਼ੀਨ ਮਾਲਕ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣਾ ਟਰੈਕਟਰ ਅਤੇ ਮਸ਼ੀਨ ਨੂੰ ਭਜਾ ਕੇ ਲੈ ਗਿਆ । ਖੇਤਾਂ ਵਿਚ ਧੰੂਆਂ ਨਿਕਲਣ ’ਤੇ ਲੋਕਾਂ ਨੂੰ ਪਤਾ ਲੱਗਿਆ ਪਰ ਜਦ ਨੂੰ ਲੋਕ ਆਏ   ਅੱਗ ਕਾਬੂ ਤੋਂ ਬਾਹਰ ਹੋ ਗਈ ਸੀ। ਪੰਜਾਬ ਕਾਂਗਰਸ ਦੇ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਖੇਤ ਵਿਚ ਤੂੜੀ ਵਾਲੀ ਮਸ਼ੀਨ ਕੰਮ ਕਰ ਰਹੀ ਸੀ ਉਸ ਦੇ ਬਿਲਕੁੱਲ ਨਾਲ ਉਹਨਾਂ ਦਾ ਖੇਤ ਹੈ ਇਸ ਕਰਕੇ ਉਹਨਾਂ ਦੀ ਦੋ ਕਿੱਲੇ ਦੇ ਕਰੀਬ ਕਣਕ ਸੜ ਗਈ ਜਦਕਿ  ਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ 5 ਕਿੱਲੇ ,ਗੁਰਨਾਮ ਸਿੰਘ ਪੁੱਤਰ ਭਾਗ ਸਿੰਘ 7 ਕਿੱਲੇ ਅਤੇ ਗਮਦੂਰ ਸਿੰਘ ਪੁੱਤਰ ਭਾਗ ਸਿੰਘ ਦੇ 7 ਕਿੱਲੇ ਕਣਕ ਦੀ ਫਸਲ ਅੱਗ ਦੀ ਭੇਂਟ ਚੜ ਗਈ । ਇਸ ਤੋਂ ਇਲਾਵਾ ਇਹ ਅੱਗ ਹੋਰ ਅੱਗੇ ਫੈਲਣ ਕਰਕੇ ਅੱਗ ਨਾਲ ਬਲਵੀਰ ਸਿੰਘ ਪੁੱਤਰ ਪੂਰਨ ਸਿੰਘ 4 ਕਿੱਲੇ ,ਗੁਰਦੇਵ ਸਿੰਘ ਪੁੱਤਰ ਪੂਰਨ ਸਿੰਘ 4 ਕਿੱਲੇ ਪ੍ਰਤਾਪ ਸਿੰਘ ਪੁੱਤਰ ਮਲਕੀਤ ਸਿੰਘ 4 ਕਿੱਲੇ ,ਗੁਰਬਚਨ ਸਿੰਘ ਪੁੱਤਰ ਮੱਘਰ ਸਿੰਘ ਵੱਡਾਘਰ 6 ਕਿੱਲੇ  ਅਤੇ ਨਿਰਮਲ ਸਿੰਘ ਪੁੱਤਰ ਗੁਰਨਾਮ ਸਿੰਘ ਦੀ 7 ਕਿੱਲੇ ਫਸਲ ਸੜ ਕੇ ਸੁਆਹ ਹੋ ਗਈ । ਅੱਗ ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਉਸ ਸਮੇਂ ਤੱਕ ਕਾਫ਼ੀ ਕਿੱਲੇ ਅੱਗ ਦੀ ਚਪੇਟ ਵਿਚ ਆ ਚੁੱਕੇ ਸਨ । ਪ੍ਰਸ਼ਾਸਨ ਵੱਲੋਂ ਅੱਜ ਸ਼ਾਮ ਤੱਕ ਨੁਕਸਾਨੀ ਫਸਲ ਦਾ ਜਾਇਜ਼ਾ ਲਿਆ ਜਾਵੇਗਾ । ਪੀੜਤ ਕਿਸਾਨਾਂ ਨੇ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਕਣਕ ਦੇ ਸੀਜ਼ਨ ਦੌਰਾਨ ਇਸੇ ਤਰਾਂ ਮਸ਼ੀਨੀ ਚਿੰਗਾਰੀਆਂ ਕਾਰਨ ਕਿਸਾਨਾਂ ਦੀ ਕਾਫ਼ੀ ਫਸਲ ਸੁਆਹ ਹੋ ਗਈ ਸੀ। ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਆਖਿਆ ਕਿ ਉਹਨਾਂ ਨੇ ਆਪਣੇ ਪੱਧਰ ’ਤੇ ਪਟਵਾਰੀ ਅਤੇ ਬਾਘਾਪੁਰਾਣਾ ਦੇ ਤਹਿਸੀਲਦਾਰ ਨੂੰ ਮੌਕਾ ਦੇਖਣ ਲਈ ਆਖਿਆ ਹੈ ਅਤੇ ਉਹਨਾਂ ਵੱਲੋਂ ਰਿਪੋਰਟ ਬਣਾਏ ਜਾਣ ’ਤੇ ਉਹ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਯਤਨ ਕਰਨਗੇ। 
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ