ਨਾਭਾ ਜੇਲ ਕਾਂਡ ’ਚ ਦੋਸ਼ੀ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ

ਪਟਿਆਲਾ ,18 ਅਪਰੈਲ (ਪੱਤਰ ਪਰੇਰਕ)- ਨਾਭਾ ਜੇਲ ਬਰੇਕ ਕਾਂਡ ’ਚ ਮੁਖ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਦੀ ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਚ ਅਚਾਨਕ ਮੌਤ ਹੋ ਗਈ । ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਸੁਣਵਾਈ ਚੱਲ ਰਹੀ ਸੀ ਅਤੇ ਸੁਣਵਾਈ ਖਤਮ ਹੁੰਦਿਆਂ ਹੀ ਉਸ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਜੇਲ ’ਚ ਮੌਜੂਦ ਡਾਕਟਰ ਵੱਲੋਂ ਹਰਮਿੰਦਰ ਸਿੰਘ ਮਿੰਟੂ ਦੀ ਜਾਂਚ ਕੀਤੀ ਗਈ ਪਰ ਉਸ ਦੀ ਵਿਗੜਦੀ ਹਾਲਤ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ । ਹਰਮਿੰਦਰ ਸਿੰਘ ਮਿੰਟੂ ਦੇ ਿਮਤਕ ਸ਼ਰੀਰ ਨੂੰ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ ਅਤੇ ਮੌਰਚਰੀ ਵੱਲ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ । ਪਟਿਆਲਾ ਪੁਲਿਸ ਵੱਲੋਂ ਬੇਹੱਦ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਮੌਰਚਰੀ ਨੂੰ ਡੀ ਐੱਸ ਪੀ ਦੀ ਅਗਵਾਈ ਵਿਚ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਭਰੋਸੇਯੋਗ ਸੂਤਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਦਾ ਆਖਣਾ ਹੈ ਕਿ ਹਰਮਿੰਦਰ ਸਿੰਘ ਮਿੰਟੂ ਨੂੰ ਸਾਹ ਦੀ ਸਮੱਸਿਆ ਹੋਣ ਕਰਕੇ ਜੇਲ ਤੋਂ ਬਾਹਰ ਸਪੈਸ਼ਲਿਸਟ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਲਈ ਵਾਰ ਵਾਰ ਬੇਨਤੀ ਕੀਤੀ ਗਈ ਸੀ  ਪਰ ਜੇਲ ਪ੍ਰਸਾਸ਼ਨ ਨੇ ਅਣਗਹਿਲੀ ਦਿਖਾਉਂਦਿਆਂ ਇਹ ਆਗਿਆ ਨਹੀਂ ਦਿੱਤੀ ਜੋ ਮਿੰਟੂ ਲਈ ਘਾਤਕ ਸਿੱਧ ਹੋਈ । ਇਸ ਮੌਤ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਮਿੰਟੂ ਉਹਨਾਂ ਛੇ ਕੈਦੀਆਂ ਵਿਚ ਸ਼ਾਮਲ ਸੀ ਜਿਹਨਾਂ ਨੂੰ ਨਾਭਾ ਜੇਲ ਵਿਚ ਰੱਖਿਆ ਗਿਆ ਸੀ ਪਰ ਮਿੰਟੂ ਦੇ ਸਾਥੀਆਂ ਸਮੇਤ ਜੇਲ ’ਚੋਂ ਫਰਾਰ ਹੋਣ ਦੀ ਘਟਨਾ ਨੇ ਸਾਰੇ ਦੇਸ਼ ਵਿਚ ਤਰਥੱਲੀ ਮਚਾ ਦਿੱਤੀ ਸੀ ਪਰ ਹਰਮਿੰਦਰ ਸਿੰਘ ਮਿੰਟੂ ਖੁਦ ਸਹਿਜ ਸੁਭਾਅ ਦਿੱਲੀ ਰੇਲਵੇ ਸਟੇਸ਼ਨ ਤੋਂ ਫੜਿਆ ਗਿਆ ਸੀ। ਡੇਰਾ ਮੁਖੀ ’ਤੇ ਹਮਲੇ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਕਹਿਣ ’ਤੇ ਪੰਜਾਬ ਵਿਚ ਅੱਤਵਾਦ ਨੂੰ ਪੁਨਰ ਸੁਰਜੀਤ ਕਰਨ ਦੀ ਸਾਜਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਖਾਲਿਸਤਾਨੀ ਆਗੂ ਹਰਮਿੰਦਰ ਸਿੰਘ ਮਿੰਟੂ ਨੂੰ 2014 ਵਿਚ ਥਾਈਲੈਂਡ ਤੋਂ ਭਾਰਤ ਵਾਪਸ ਆਉਣ ’ਤੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਗਿ੍ਰਫਤਾਰ ਕਰ ਲਿਆ ਗਿਆ ਸੀ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ