ਸਬਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਅਲਾਟ ਕਰਨ ਸਬੰਧੀ ਕੱਢਿਆ ਡਰਾਅ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ,19 ਅਪ੍ਰੈਲ:(ਜਸ਼ਨ)-ਡਿਪਟੀ ਕਮਿਸ਼ਨਰ, ਮੋਗਾ ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਦੀ ਸਬਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ ਸਕੀਮ (ਸਮੈਮ 2017-18) ਅਧੀਨ ਕਿਸਾਨ ਲਾਭਪਾਤਰੀਆਂ ਨੂੰ ਖੇਤੀ ਮਸ਼ੀਨਰੀ ਅਲਾਟ ਕਰਨ ਸਬੰਧੀ ਡਰਾਅ ਕਿਸਾਨਾਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ: ਹਰਿੰਦਰਜੀਤ ਸਿੰਘ, ਸਤਿੰਦਰਪਾਲ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਡਾ: ਬਲਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ: ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਮੋਗਾ ਅਤੇ ਜਸਪਾਲ ਸਿੰਘ ਵਾਸੀ ਪਿੰਡ ਪੁਰਾਣੇਵਾਲਾ ਵੀ ਮੌਜੂਦ ਸਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਿੰਦਰਜੀਤ ਸਿੰਘ ਨੇ ਡਰਾਅ ਕੱਢਣ ਤੋਂ ਪਹਿਲਾਂ ਮੈਂਬਰ ਸਹਿਬਾਨਾਂ ਅਤੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੇ ਜ਼ਿਲਾ ਮੋਗਾ ਨੂੰ ਅਲਾਟ ਹੋਏ ਟੀਚਿਆਂ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਜ਼ਿਲਾ ਮੋਗਾ ਲਈ 25 ਲੱਖ ਰੁਪਏ ਦਾ ਇੱਕ ਕਸਟਮ ਹਾਇਰਿੰਗ ਸੈਂਟਰ ਅਤੇ 10 ਲੱਖ ਰੁਪਏ ਦੇ ਤਿੰਨ ਕਸਟਮ ਹਾਇਰਿੰਗ ਸੈਂਟਰ ਅਲਾਟ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ 6 ਫ਼ਰਵਰੀ, 2018 ਤੱਕ 25 ਲੱਖ ਰੁਪਏ ਦੇ ਕਸਟਮ ਹਾਇੰਰਿੰਗ ਸੈਂਟਰ ਲਈ 11, 10 ਲੱਖ ਰੁਪਏ ਵਾਲੇ ਕਸਟਮ ਹਾਇਰਿੰਗ ਸੈਂਟਰ ਲਈ 12, ਪੈਡੀ ਸਟਰਾਅ ਚੌਪਰ ਸ਼ਰੈਡਰ ਲਈ 31, ਮਲਚਰ ਲਈ 33 ਅਤੇ ਹਾਈਡ੍ਰੋਲਿਕ ਪਲੋਅ ਲਈ 25 ਬਿਨੈ ਪੱਤਰ ਪ੍ਰਾਪਤ ਹੋਏ ਸਨ। ਕਸਟਮ ਹਾਇਰਿੰਗ ਸੈਂਟਰ ਅਤੇ ਖੇਤੀ ਮਸ਼ੀਨਰੀ ਸਬੰਧੀ ਡਰਾਅ ਸਬਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ ਸਕੀਮ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਅਤੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ। ਉਨਾਂ ਦੱਸਿਆ ਕਿ 25 ਲੱਖ ਰੁਪਏ ਵਾਲਾ ਕਸਟਮ ਹਾਇਰਿੰਗ ਸੈਂਟਰ ਡਰਾਅ ਮੁਤਾਬਕ ਜਗਰੂਪ ਸਿੰਘ ਪੁੱਤਰ ਸ: ਜਸਵਿੰਦਰ ਸਿੰਘ ਪਿੰਡ ਘੱਲ ਕਲਾਂ ਨੂੰ ਜਾਰੀ ਕੀਤਾ ਗਿਆ। 10 ਲੱਖ ਰੁਪਏ ਵਾਲਾ ਕਸਟਮ ਹਾਇਰਿੰਗ ਸੈਂਟਰ ਦੀ ਫਤਿਹਗੜ ਕੋਰੋਟਾਣਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਫਤਿਹਗੜ ਕੋਰੋਟਾਣਾ, ਦੂਸਰਾ ਉੱਤਮ ਖੇਤੀ ਸੇਵਾ ਸੋਸਾਇਟੀ ਨਿਹਾਲ ਸਿੰਘ ਵਾਲਾ ਅਤੇ ਤੀਜਾ ਖੇਤੀਬਾੜੀ ਸਵੈ ਸਹਾਇਤਾ ਗਰੁੱਪ ਤਖਾਣਵੱਧ ਨੂੰ ਜਾਰੀ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਸਬੰਧੀ ਉਡੀਕ ਸੂਚੀ ਅਤੇ ਬਾਕੀ ਖੇਤੀ ਮਸ਼ੀਨਰੀ ਸੰਦਾਂ ਸਬੰਧੀ ਸੀਨੀਆਰਤਾ ਸੂਚੀ ਤਿਆਰ ਕਰ ਲਈ ਗਈ ਹੈ। ਉਨਾਂ ਕਿਹਾ ਕਿ ਇਸ ਮੁਤਾਬਕ ਖੇਤੀ ਸੰਦਾਂ ਦੀ ਸਬਸਿਡੀ ਫੰਡਜ਼ ਪ੍ਰਾਪਤ ਹੋਣ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਰਕਾਰੀ ਨਿਯਮਾਂ ਅਨੁਸਾਰ ਰਾਸ਼ੀ ਟਰਾਂਸਫਰ ਕਰ ਦਿੱਤੀ ਜਾਵੇਗੀ।


