ਨੱਥੂਵਾਲਾ ਮਾਈਨਰ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਪਰੇਸ਼ਾਨੀ ਦੇ ਆਲਮ ’ਚ, ਨਹਿਰ ਦੀ ਸਫ਼ਾਈ ਦੀ ਕੀਤੀ ਮੰਗ

ਫਤਹਿਗੜ ਪੰਜਤੂਰ ,20 ਅਪਰੈਲ (ਜਗਸੀਰ ਸਿੰਘ ਸਰਾਂ)- ਫਤਿਹਗੜ ਪੰਜਤੂਰ ਨੇੜਲੇ ਕਿਸਾਨ ਪਿਛਲੇ ਕਾਫ਼ੀ ਸਮੇਂ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਪਰੇਸ਼ਾਨੀ ਦੇ ਆਲਮ ਵਿਚ ਹਨ। ਅੱਜ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੱਥੂਵਾਲਾ ਮਾਈਨਰ ਜੋ ਫਤਹਿਗੜ ਪੰਜਤੂਰ ਤੋਂ ਕੜਾਹੇਵਾਲਾ ਤੱਕ ਆਉਂਦਾ ਹੈ ਨਦੀਨਾ ਕਾਰਨ ਪਾਣੀ ਦੀ ਪਹੰੁਚ ਦੇਣ ਤੋਂ ਅਸਮੱਰਥ ਹੋ ਚੱਕਾ ਹੈ । ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਵਿਚ ਘਾਹਫੂਸ ਤੋਂ ਇਲਾਵਾ ਮਿੱਟੀ ਭਰੀ ਹੋਣ ਕਰਕੇ ਪਾਣੀ ਅਗਾਂਹ ਨਹੀਂ ਤੁਰਦਾ । ਕਿਸਾਨਾਂ ਨੇ ਆਖਿਆ ਕਿ ਇਸ ਨਹਿਰ ਦੇ ਪਾਣੀ ਦੀ ਉਪਲੱਬਦਤਾ ਨਾ ਹੋਣ ਕਰਕੇ ਉਹਨਾਂ ਨੂੰ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਬੇਤਹਾਸ਼ਾ ਡੀਜ਼ਲ ਫੂਕਣਾ ਪੈਂਦਾ ਹੈ ਜਾਂ ਫਿਰ ਟਿੳੂਬਵੈੱਲਾਂ ’ਤੇ ਨਿਰਭਰ ਹੋਣਾ ਪੈਂਦਾ ਹੈ ਅਤੇ ਅਕਸਰ ਬਿਜਲੀ ਪੂਰੀ ਨਾ ਹੋਣ ਕਰਕੇ ਫਸਲਾਂ ਪਾਣੀ ਨੂੰ ਤਰਸ ਜਾਂਦੀਆਂ ਹਨ ਹੋਰ ਤਾਂ ਹੋਰ ਜਮੀਨ ਹੇਠ ਡਿੱਗਦੇ ਪਾਣੀ ਦੇ ਸਤਰ ’ਤੇ ਵੀ ਮਾਰੂ ਅਸਰ ਪੈਂਦਾ ਹੈ । ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਨਹਿਰੀ ਮਹਿਕਮੇਂ ਨੂੰ ਹੁਕਮ ਜਾਰੀ ਕਰਕੇ ਇਸ ਨਹਿਰ ਦੀ ਛੇਤੀ ਤੋਂ ਛੇਤੀ ਸਫ਼ਾਈ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਇਹ ਨਹਿਰੀ ਪਾਣੀ ਨਸੀਬ ਹੋ ਸਕੇ।


