ਖਸਰੇ ਕਾਰਨ ਦੇਸ਼ ਵਿੱਚ ਹਰ ਸਾਲ 49 ਹਜ਼ਾਰ ਬੱਚੇ ਹੁੰਦੇ ਨੇ ਮੌਤ ਦਾ ਸ਼ਿਕਾਰ , ਖਸਰੇ ਅਤੇ ਰੁਬੇਲਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਤਹਿਤ ਸੂਬੇ ’ਚ 75 ਲੱਖ ਬੱਚਿਆਂ ਦਾ ਹੋਵੇਗਾ ਟੀਕਾਕਰਨ: ਬ੍ਰਹਮ ਮਹਿੰਦਰਾ

ਚੰਡੀਗੜ, 20 ਅਪਰੈਲ (ਪੱਤਰ ਪਰੇਰਕ)-ਦੇਸ਼ ਭਰ ਵਿੱਚ ਖਸਰੇ ਨੂੰ ਜੜੋਂ ਪੁੱਟਣ ਅਤੇ ਰੁਬੇਲਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਪਹਿਲੀ ਮਈ 2018 ਤੋਂ ਖਸਰੇ ਤੇ ਰੁਬੇਲਾ ਖ਼ਿਲਾਫ਼ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਖੁਲਾਸਾ ਕਰਦਿਆਂ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਐਮ ਆਰ ਟੀਕਾਕਰਨ ਮੁਹਿੰਮ ਦੇਸ਼ ਭਰ ਵਿੱਚ 13 ਸੂਬਿਆਂ ਦੇ 7 ਤੋਂ 8 ਕਰੋੜ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ ਅਤੇ ਚੌਥੇ ਪੜਾਅ ਵਿੱਚ ਪੰਜਾਬ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਸੂਬੇ ਵਿੱਚ 4 ਤੋਂ 6 ਮਹੀਨੇ ਦੇ ਸਮੇਂ ਵਿੱਚ ਨੌਂ ਮਹੀਨੇ ਤੋਂ 15 ਸਾਲ ਤੱਕ ਦੀ ਉਮਰ ਦੇ ਕਰੀਬ 75 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਸਕੂਲਾਂ ਨੂੰ ਲਿਆ ਜਾਵੇਗਾ ਅਤੇ ਬਾਅਦ ਵਿੱਚ ਦੂਰ-ਦੁਰਾਡੇ ਦੇ ਸਿਹਤ ਕੇਂਦਰਾਂ ਵਿੱਚ ਇਹ ਸਕੀਮ ਚਲਾਈ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਬੱਚੇ ਲਈ ਇਕ ਵਾਰ ਵਰਤੀਆਂ ਜਾਣ ਵਾਲੀਆਂ ਸਰਿੰਜਾਂ (ਆਟੋ ਡਿਸਏਬਲ ਸਰਿੰਜਾਂ) ਦਾ ਹੀ ਇਸਤੇਮਾਲ ਹੋਵੇਗਾ। ਇਸ ਸਕੀਮ ਤਹਿਤ ਟੀਕਾਕਰਨ ਲਈ ਸਿਹਤ ਕਰਮੀਆਂ ਦੀਆਂ ਟੀਮਾਂ ਪੂਰੀ ਤਰਾਂ ਹੁਨਰਮੰਦ ਹਨ, ਜਿਹੜੇ ਆਮ ਟੀਕਾਕਰਨ ਪ੍ਰੋਗਰਾਮ ਨੂੰ ਨੇਪਰੇ ਚਾੜਨ ਦਾ ਤਜਰਬਾ ਰੱਖਦੇ ਹਨ। ਪੂਰੇ ਸੂਬੇ ਦੇ ਬੱਚਿਆਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਉਣਾ ਯਕੀਨੀ ਬਣਾਉਣ ਦਾ ਖਾਕਾ ਖਿੱਚਦਿਆਂ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਲਗਪਗ 5200 ਟੀਕਾਕਰਨ ਟੀਮਾਂ ਅਤੇ 1733 ਸੁਪਰਵਾਈਜ਼ਰਾਂ ਵੱਲੋਂ 29000 ਸਕੂਲਾਂ ਵਿੱਚ ਲਗਪਗ 59000 ਟੀਕਾਕਰਨ ਸੈਸ਼ਨ ਲਗਾਏ ਜਾਣਗੇ। ਉਨਾਂ ਦੱਸਿਆ ਕਿ ਹੁਣ ਤੱਕ 28500 ਸਕੂਲਾਂ ਦੇ ਅਧਿਆਪਕਾਂ ਨੂੰ ਇਸ ਮੁਹਿੰਮ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਮੀਜ਼ਲਜ਼ ਤੇ ਰੁਬੇਲਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਖਸਰਾ ਘਾਤਕ ਅਤੇ ਛੂਤ ਦਾ ਰੋਗ ਹੈ ਅਤੇ ਇਸ ਨਾਲ ਪੂਰੇ ਦੇਸ਼ ਵਿੱਚ ਸਾਲਾਨਾ 49000 ਬੱਚਿਆਂ ਦੀ ਮੌਤ ਹੁੰਦੀ ਹੈ। ਇਹ ਭਾਰਤ ਵਿੱਚ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਬਣਿਆ ਹੈ। ਉਨਾਂ ਕਿਹਾ ਕਿ ਖਸਰੇ ਤੋਂ ਬਚਾਅ ਲਈ ਬੱਚਿਆਂ ਨੂੰ ਵਿਸ਼ੇਸ਼ ਟੀਕਾਕਰਨ ਦੀਆਂ ਦੋ ਖੁਰਾਕਾਂ ਦੇਣੀਆਂ ਪੈਂਦੀਆਂ ਹਨ। ਰੁਬੇਲਾ ਵੀ ਇਕ ਤਰਾਂ ਦਾ ਛੂਤ ਦਾ ਰੋਗ ਹੈ, ਜੋ ਬੱਚਿਆਂ ਅਤੇ ਬਾਲਗਾਂ ਵਿੱਚ ਮੌਤ ਦਾ ਕਾਰਨ ਬਣਦਾ ਹੈ ਅਤੇ ਜੇਕਰ ਗਰਭਵਤੀ ਔਰਤ ਇਸ ਵਿਸ਼ਾਣੂ ਦੀ ਲਪੇਟ ਵਿੱਚ ਆ ਜਾਵੇ ਤਾਂ ਨਵਜੰਮੇ ਬੱਚਿਆਂ ਵਿੱਚ ਕਈ ਤਰਾਂ ਦੀ ਅਪੰਗਤਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨਾਂ ਅੱਗੇ ਕਿਹਾ ਕਿ ਰੁਬੇਲਾ ਗਰਭਪਾਤ, ਜਨਮ ਸਮੇਂ ਮੌਤ ਅਤੇ ਗੰਭੀਰ ਜਮਾਂਦਰੂ ਬਿਮਾਰੀਆਂ ਸਮੇਤ ਛੋਟੇ ਬੱਚਿਆਂ ਵਿੱਚ ਬਹਿਰੇਪਣ ਤੇ ਨੇਤਰਹੀਣਤਾ ਦਾ ਕਾਰਨ ਬਣਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਸੂਬੇ ਦੇ ਸਾਰੇ ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣਾ ਹੈ ਤਾਂ ਜੋ ਇਸ ਮੁਹਿੰਮ ਦੁਆਰਾ ਖਸਰੇ, ਅਪੰਗਤਾ ਤੇ ਜਮਾਂਦਰੂ ਬਿਮਾਰੀਆਂ ਦੇ ਮਾਮਲੇ ਨੂੰ ਖ਼ਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੋਲੀਓ ਦੀ ਬਿਮਾਰੀ ਤੋਂ ਮੁਕਤੀ ਵਾਂਗ ਹੁਣ 2020 ਤੱਕ ਸੂਬੇ ਤੇ ਦੇਸ਼ ਨੂੰ ਖ਼ਸਰੇ ਤੇ ਰੁਬੇਲਾ ਤੋਂ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਦੋ ਰਣਨੀਤੀਆਂ (ਪਹਿਲੀ ਸਕੂਲ ਆਧਾਰਤ ਅਤੇ ਦੂਜੀ ਘਰ ਘਰ ਜਾ ਕੇ) ਤਹਿਤ ਲਾਗੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਕੂਲ ਆਧਾਰਤ ਰਣਨੀਤੀ ਅਧੀਨ ਸਰਕਾਰੀ, ਸਰਕਾਰ ਤੋਂ ਮਾਨਤਾ ਪ੍ਰਾਪਤ, ਪ੍ਰਾਈਵੇਟ, ਆਰਮੀ, ਡੇਅ ਕੇਅਰ ਸੈਂਟਰ ਅਤੇ ਕਰੈੱਚਾਂ ਵਿੱਚ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸੇ ਤਰਾਂ ਘਰ ਘਰ ਜਾ ਕੇ ਰਣਨੀਤੀ ਤਹਿਤ ਅਨਾਥ ਆਸ਼ਰਮਾਂ, ਨੇਤਰਹੀਣ ਬੱਚਿਆਂ ਦੇ ਸਕੂਲਾਂ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲਾਂ, ਸੁਧਾਰ ਘਰਾਂ ਅਤੇ ਜੇਲਾਂ ਤੇ ਟੱਪਰੀਵਾਸਾਂ ਵਿੱਚ ਜਾ ਕੇ ਟੀਕਾਕਰਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਐਮਆਰ ਟੀਕਾਕਰਨ ਪੂਰੀ ਤਰਾਂ ਸੁਰੱਖਿਅਤ ਹੈ। ਵਿਸ਼ਵ ਭਰ ਵਿੱਚ ਰੋਜ਼ਾਨਾ ਟੀਕਾਕਰਨ ਪ੍ਰੋਗਰਾਮ ਅਧੀਨ ਚਲਾਇਆ ਜਾ ਰਿਹਾ ਹੈ ਅਤੇ ਨਾਲ ਹੀ ਇਸ ਨੂੰ ਐਮਆਰ ਟੀਕਾਕਰਨ ਮੁਹਿੰਮ ਅਧੀਨ ਵੀ ਲਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਮੁਹਿੰਮ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਮਾਣਿਤ ਕੀਤੀ ਗਈ ਹੈ ਅਤੇ ਇਸ ਵਿੱਚ ਵਰਤੀਆਂ ਜਾਣ ਵਾਲੀ ਸਾਰੀਆਂ ਦਵਾਈਆਂ ‘ਸੀਰਮ ਇੰਸਟੀਚਿੳੂਟ ਆਫ਼ ਇੰਡੀਆ’ ਵਿਖੇ ਸਖ਼ਤ ਤੇ ਉੱਚ ਨਿਗਰਾਨੀ ਅਧੀਨ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਪੂਰੇ ਵਿਸ਼ਵ ਸਮੇਤ ਅਮਰੀਕਾ ਤੇ ਯੂਰਪੀ ਮੁਲਕਾਂ ਨੂੰ ਵੀ ਭੇਜਿਆ ਜਾਂਦਾ ਹੈ।