ਹਾਈ ਟੈਂਸ਼ਨ ਤਾਰਾਂ ਨਾਲ ਹੋਇਆ ਧਮਾਕਾ, ਕਮਰੇ ਦੀ ਟੁੱਟੀ ਫਰਸ਼

ਮੋਗਾ, 20 ਅਪ੍ਰੈਲ (ਨਵਦੀਪ ਮਹੇਸਰੀ) : ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਕੋਲ ਇਕ ਮੁਹੱਲੇ ਵਿਚ ਉਸ ਵੇਲੇ ਲੋਕ ਹੱਕੇ ਬੱਕੇ ਰਹਿ ਗਏ, ਜਦੋਂ ਸਵੇਰੇ ਹਨੇਰੀ ਚੱਲਣ ਕਾਰਨ ਉੱਥੋਂ ਦੇ ਰਿਹਾਇਸ਼ੀ ਮਕਾਨ ਦੇ ਨਾਲ ਦੀ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਜ਼ੋਰਦਾਰ ਧਮਾਕਾ ਹੋਇਆ, ਧਮਾਕਾ ਇਨਾਂ ਜ਼ਬਰਦਸਤ ਸੀ ਕਿ ਨੇੜਲੇ ਘਰ ਦੇ ਇਕ ਕਮਰੇ ਦੀ ਫਰਸ਼ ਅਤੇ ਕੰਧ ਵਿਚਲੀ ਤਾਰਾਂ ਦੀ ਫਿਟਿੰਗ ਪੁੱਟੀ ਗਈ ਅਤੇ ਆਸ ਪਾਸ ਘਰਾਂ ਦੇ ਪੱਖੇ ਅਤੇ ਇਨਵਰਟਰ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ਦੇ ਮਾਲਕ ਵਾਹਿਦ ਅਲੀ ਨੇ ਦੱਸਿਆ ਕਿ ਅੱਜ ਸਵੇਰੇ ਸਾਡੇ ਮਕਾਨ ਦੇ ਨਾਲ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਨਾਲ ਧਮਾਕਾ ਹੋਇਆ ਅਤੇ ਸਾਡੇ ਘਰ ਦੀ ਬਿਜਲੀ ਦੀ ਫਿਟਿੰਗ ਸੜ ਗਈ ਅਤੇ ਇਕ ਕਮਰੇ ਦੀ ਫਰਸ਼ ਵੀ ਪੁੱਟੀ ਗਈ, ਜਿਸ ਨਾਲ ਸਾਡਾ ਢਾਈ-ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨਾਂ ਕਿਹਾ ਕਿ ਮਹਿਕਮਾ ਸਾਡੇ ਨੁਕਸਾਨ ਦੀ ਭਰਪਾਈ ਕਰੇ। ਜਦੋਂ ਘਰ ਦੇ ਮਾਲਕ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਘਰ ਦਾ ਨਕਸ਼ਾ ਪਾਸ ਹੈ? ਤਾਂ ਉਨਾਂ ਕਿਹਾ ਕਿ ਸਾਡਾ ਘਰ ਅਤੇ ਘਰ ਦੀ ਉਪਰਲੀ ਮੰਜ਼ਿਲ ਦਾ ਨਕਸ਼ਾ ਕਾਰਪੋਰੇਸ਼ਨ ਵੱਲੋਂ ਪਾਸ ਹੈ। ਉਨਾਂ ਦੱਸਿਆ ਕਿ ਅੱਜ ਹਾਈ ਟੈਂਸ਼ਨ ਤਾਰਾਂ ਨਾਲ ਮੁਹੱਲਾ ਵਾਸੀ ਚਮਕੌਰ ਸਿੰਘ, ਨੀਰਜ਼ ਕੁਮਾਰ ਅਤੇ ਡਿੰਪੀ ਦੇ ਘਰਾਂ ਵਿਚ ਵੀ ਪੱਖੇ ਅਤੇ ਇਨਵਰਟਰ ਸੜ ਜਾਣ ਦਾ ਪਤਾ ਲੱਗਿਆ ਹੈ। ਮੌਕੇ ’ਤੇ ਪਹੁੰਚੇ ਹਾਈ ਵੋਲਟੇਜ਼ ਲਾਇਨ ਦੇ ਐਸ.ਡੀ.ਉ. ਭਰਤ ਗਰਗ ਨੇ ਦੱਸਿਆ ਕਿ ਕਾਨੂੰਨ ਮੁਤਾਬਿਕ ਹਾਈ ਟੈਨਸ਼ਨ ਤਾਰਾਂ ਤੋਂ 13.5 ਮੀਟਰ ਦੂਰੀ ’ਤੇ ਘਰਾਂ ਦੀ ਉਪਰਲੀ ਮੰਜ਼ਿਲ ਦੀ ਉਸਾਰੀ ਕੀਤੀ ਜਾ ਸਕਦੀ ਹੈ, ਪਰ ਅਸੀਂ ਹੈਰਾਨ ਹਾਂ ਕਿ ਕਾਰਪੋਰੇਸ਼ਨ ਨੇ ਇਸ ਘਰ ਨੂੰ ਉਪਰਲੀ ਮੰਜ਼ਿਲ ਬਣਾਉਣ ਦੀ ਆਗਿਆ ਕਿਸ ਤਰਾਂ ਦੇ ਦਿੱਤੀ। ਉਨਾਂ ਕਿਹਾ ਕਿ ਅਸੀਂ ਘਰ ਦੇ ਮਾਲਕ ਖਿਲਾਫ ਕਾਨੂੰਨ ਦੀ ਉਲੰਘਣਾ ਕਰਨ ਤਹਿਤ ਪੁਲਿਸ ਸ਼ਿਕਾਇਤ ਵੀ ਕਰਾਂਗੇ। ਉਨਾਂ ਕਿਹਾ ਕਿ ਅੱਜ ਲਾਇਨ ਬੰਦ ਹੋਣ ਕਾਰਨ ਮਹਿਕਮੇ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਾਰੇ ਸ਼ਹਿਰ ਦੀ ਬਿਜਲੀ ਬੰਦ ਰਹੀ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਵੀ ਮੌਕੇ ’ਤੇ ਪਹੰਚੇ ਅਤੇ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।