ਨਹਿਰ ‘ਚ ਛਾਲ ਮਾਰਕੇ ਕੀਤੀ ਆਤਮ ਹੱਤਿਆ,ਅਧਿਆਪਕ ਨੇ ਤਨਖਾਹ ਨਾ ਮਿਲਣ ’ਤੇ ਪਰੇਸ਼ਾਨੀ ’ਚ ਮੌਤ ਨੂੰ ਗਲੇ ਲਗਾਇਆ

ਫਿਰੋਜ਼ਪੁਰ,21 ਅਪਰੈਲ (ਪੰਕਜ ਕੁਮਾਰ) ਜ਼ਿਲਾ ਫਿਰੋਜ਼ਪੁਰ ਵਿਚ ਇਕ ਸਿੱਖਿਆ ਪ੍ਰੋਵਾਇਡਰ ਨੇ ਕੁਝ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਚਲਦੇ ਆਰਥਿਕ ਤੰਗੀ ਅਤੇ ਮੰਦੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਲਗਾਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਜੋ ਆਪਣੇ ਪਿੱਛੇ ਪਤਨੀ ਅਤੇ 3 ਬੱਚਿਆਂ ਨੂੰ ਛੱਡ ਗਿਆ । ਅਜਿਹੇ ਵਿਚ ਜਿਥੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਅਧਿਆਪਕ ਯੂਨੀਅਨ ਨੇ ਵੀ ਇਸ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਅਤੇ ਰਿਸ਼ਤੇਦਾਰਾ ਨੇ ਦੱਸਿਆ ਕਿ ਅਧਿਆਪਕ ਚੰਨਣ ਸਿੰਘ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਉਸਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੋ ਰਿਹਾ ਸੀ ਜਿਸ ਕਰਕੇ ਚੰਨਣ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ । ਤਨਖਾਹ ਨਾ ਮਿਲਣ ’ਤੇ ਅਧਿਆਪਕ ਚੰਨਣ ਸਿੰਘ ਵੱਲੋਂ ਕੀਤੀ ਆਤਮ ਹੱਤਿਆ ’ਤੇ ਦੁੱਖ ਪ੍ਰਗਟ ਕਰਦਿਆਂ ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਮੰਦੀ ਦੀ ਮਾਰ ਝੱਲ ਰਹੇ ਕਿਰਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੋਂ ਬਾਅਦ ਠੇਕੇ ’ਤੇ ਕੰਮ ਰਹੇ ਅਧਿਆਪਕ ਵੱਲੋਂ ਆਰਥਿਕ ਮੰਦਹਾਲੀ ਕਾਰਨ ਕੀਤੀ ਆਤਮ ਹੱਤਿਆ ਬੇਹੱਦ ਚਿੰਤਾ ਦਾ ਵਿਸ਼ਾ ਹੈ । ਸਿੱਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਠੇਕੇ ’ਤੇ ਕੰਮ ਰਹੇ ਅਧਿਆਪਕ ਜੋ ਮਹਿਜ਼ 8-10 ਹਜ਼ਾਰ ’ਤੇ ਗੁਜ਼ਾਰਾ ਕਰ ਰਹੇ ਹਨ ਉਹਨਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਤੇ ਬਿਹਤਰ ਇਹ ਹੋਵੇਗਾ ਕਿ ਇਹ ਆਪਣੀਆਂ ਨੌਕਰੀਆਂ ਛੱਡ ਜਾਣ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


