ਅਧਾਰਹੀਣ ਸਿਆਸੀ ਆਗੂਆਂ ਦੇ ਬਹਿਕਾਵੇ ਵਿਚ ਆ ਕੇ ਕਿਸਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਤੋਂ ਗੁਰੇਜ਼ ਕਰਨ-ਕਰਨਲ ਬਾਬੂ ਸਿੰਘ ਜ਼ਿਲਾ ਪ੍ਰਧਾਨ

ਮੋਗਾ, 22 ਅਪਰੈਲ (ਜਸ਼ਨ)- ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦਾ ਆਖਣਾ ਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਮਸਲੇ ’ਤੇ ਕਾਰਵਾਈ ਕਰਦਿਆਂ 2 ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਪੂਰਾ ਕਰਦਿਆਂ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਇਸ ਕਰਕੇ ਕਿਸਾਨ ਧਰਨੇ ਮਜ਼ਾਹਰਿਆਂ ਦਾ ਰਾਹ ਅਖਤਿਆਰ ਕਰਕੇ ਆਮ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਨਾ ਬਨਣ ਕਿਉਂਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਰੱਖੀਆਂ ਮੰਗਾਂ ਨੂੰ ਬਹੁਤ ਸ਼ਾਲੀਨਤਾ ਨਾਲ ਵਿਚਾਰਿਆਂ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਹੁਣ ਆਪਣੀ ਸੌੜੀ ਰਾਜਨੀਤੀ ਦੇ ਪੈਂਤੜੇ ’ਤੇ ਚੱਲਦਿਆਂ ਕਿਸਾਨਾਂ ਨੂੰ ਧਰਨੇ ਮੁਜ਼ਾਹਰੇ ਕਰਨ ਲਈ ਉਕਸਾ ਰਿਹਾ ਹੈ । ਕਰਨਲ ਬਾਬੂ ਸਿੰਘ ਨੇ ਆਖਿਆ ਕਿ ਪਿਛਲੇ 10 ਸਾਲ ਅਕਾਲੀ ਸਰਕਾਰ ਦਾ ਪੰਘੂੜਾ ਝੂਟਣ ਵਾਲਾ ਅਖੌਤੀ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਉਹ 10 ਸਾਲ ਕਿਸਾਨਾਂ ਦੇ ਮੱਸਲਿਆਂ ’ਤੇ ਕਿਉਂ ਚੁੱਪ ਰਿਹਾ ? ਉਹਨਾਂ ਕਿਹਾ ਕਿ  ਕਿਸਾਨ ਖੁਦਕੁਸ਼ੀਆਂ ’ਤੇ ਸਿਆਸੀ ਰੋਟੀਆਂ ਸੇਕ ਕੇ ਆਪਣੇ ਲਈ ਮੁੜ ਤੋਂ ਸਿਆਸੀ ਜ਼ਮੀਨ ਤਲਾਸ਼ਣ ਦੇ ਮੰਤਵ ਨਾਲ ਲੱਖੋਵਾਲ  ਕਿਸਾਨਾਂ ਨੂੰੂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭੜਕਾ ਰਿਹਾ ਹੈ । ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ  ਕਿ ਅਜਮੇਰ ਸਿੰਘ ਲੱਖੋਵਾਲ ਦੀ ਪਿਛਲੇ 10 ਸਾਲਾਂ ਵਿਚ ਜਾਇਦਾਦਾਂ ਦੇ ਹੋਏ ਬੇਹਿਸਾਬੇ ਵਾਧੇ ਬਾਰੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਇਸ ਅਖੌਤੀ ਕਿਸਾਨ ਆਗੂ ਵੱਲੋਂ ਭੋਲੇ ਭਾਲੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਪਰਦਾ ਫਾਸ਼ ਹੋ ਸਕੇ। ਕਰਨਲ ਬਾਬੂ ਸਿੰਘ ਨੇ ਆਖਿਆ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਫਸਲਾਂ ਦੀ ਲਿਫਟਿੰਗ ਹੱਥੋ ਹੱਥ ਕੀਤੀ ਗਈ ਅਤੇ ਕਿਸਾਨਾਂ ਨੂੰ ਸਮੇਂ ਸਿਰ ਉਹਨਾਂ ਦੀ ਫਸਲ ਦਾ ਮੁੱਲ ਮਿਲਿਆਂ ਜਦਕਿ ਉਸ ਸਮੇਂ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿਚ ਖਜ਼ਾਨਾ ਖਾਲੀ ਮਿਲਿਆ ਸੀ । ਉਹਨਾਂ ਕਿਹਾ ਕਿ ਹੁਣ ਤੀਜੀ ਵਾਰ ਵੀ ਕਿਸਾਨਾਂ ਦੀ ਕਣਕ  ਦੀ ਲਿਫ਼ਟਿੰਗ ਦਾ ਕੰਮ ਮੰਡੀਆਂ ਵਿਚ ਜ਼ੋਰਾਂ ਸ਼ੋਰਾਂ ਨਾਲ ਨਿਰਵਿਘਨ ਚੱਲ ਰਿਹਾ ਹੈ । ਉਹਨਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰੂ ਨਿਸ਼ਠਾ ਨਾਲ ਪੂਰਾ ਕੀਤਾ ਜਾਵੇਗਾ ਅਤੇ ਕਿਸਾਨ ਵੀਰ ਕਿਸੇ ਅਜਿਹੇ ਆਗੂ ਦੇ ਮਗਰ ਲੱਗ ਕੇ ਸੜਕਾਂ ’ਤੇ ਨਾ ਉਤਰਨ ਜਿਸ ਕਾਰਨ ਉਹਨਾਂ ਦਾ ਕੀਮਤੀ ਸਮਾਂ ਅਜਾਂਈ ਜਾਵੇ।