ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ’ਚ ‘ਗ੍ਰਾਮ ਸਵਰਾਜ ਅਭਿਆਨ’ ਤਹਿਤ ਲੋੜਵੰਦ ਮਹਿਲਾਵਾਂ ਨੂੰ ਵੰਡੇ ਰਸੋਈ ਗੈਸ ਕੁਨੈਕਸ਼ਨ

ਅਜੀਤਵਾਲ, 22 ਅਪਰੈਲ (ਜਸ਼ਨ)- ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਜ਼ਿਲੇ ਦੇ ਪਿੰਡ ਢੁੱਡੀਕੇ ਦੀ ਪੱਤੀ ਧਰਮਸ਼ਾਲਾ ਵਿਖੇ ‘ਉਜਵਲਾ ਦਿਵਸ‘ ਮਨਾਇਆ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਕਾਂਗਰਸ ਦੇ ਮੁੱਖ ਬੁਲਾਰੇ ਡਾ: ਤਾਰਾ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਉਪਿੰਦਰ ਸਿੰਘ ਗਿੱਲ ,ਸਰਪੰਚ ਜਸਦੀਪ ਸਿੰਘ ਗੈਰੀ ਅਤੇ ਹੋਰਨਾਂ ਵੱਲੋਂ ਉਜਵਲਾ ਸਕੀਮ ਦੇ 100 ਯੋਗ ਲਾਭਪਾਤਰੀਆਂ ਨੂੰ ਰਸੋਈ ਗੈਸ ਕੁਨੈਕਸ਼ਨ ਵੰਡੇ ਗਏ। ਇਸ ਮੌਕੇ ਲਾਭਪਾਤਰੀਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਕਿਹਾ ਕਿ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਸਰਕਾਰ ਵੱਲੋਂ ਸੁਰੱਖਿਆ ਅਤੇ ਕੁਸ਼ਲਤਾ ਤੋਂ ਇਲਾਵਾ ਸਿਹਤ ,ਵਾਤਾਵਰਨ ,ਆਰਥਿਕ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਦੇ ਮੰਤਵ ਨਾਲ ਅੱਜ ਇਸ ਸਕੀਮ ਤਹਿਤ ਲੋੜਵੰਦ ਮਹਿਲਾਵਾਂ ਨੂੰ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।


