‘ਬੈਗ ਦੇਦੇ ਨਹੀਂ ਤਾਂ ਗੋਲੀ ਮਾਰ ਦਿਆਂਗੇ’ , ਨਿਹਾਲ ਸਿੰਘ ਵਾਲਾ ਵਿਖੇ ਲੁਟੇਰਿਆਂ ਨੇ ਮਨੀ ਚੇਂਜਰ ਤੋਂ ਲੁੱਟੇ ਸਾਢੇ ਸਤਾਰਾਂ ਹਜ਼ਾਰ ਰੁਪਏ

ਨਿਹਾਲ ਸਿੰਘ ਵਾਲਾ, 22 ਅਪਰੈਲ (ਜਸ਼ਨ)-ਨਿਹਾਲ ਸਿੰਘ ਵਾਲਾ ਵਿਖੇ ਲੁਟੇਰਿਆਂ ਵਲੋਂ 6 ਲੱਖ ਰੁਪਏ ਲੁੱਟੇ ਜਾਣ ਅਤੇ ਦੁੱਨੇਕੇ ਵਿਖੇ ਕਾਰ ਖੋਹੇ ਜਾਣ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਨਿਹਾਲ ਸਿੰਘ ਵਾਲਾ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਮਨੀ ਚੇਂਜਰ ਗੁਪਤਾ ਇੰਟਰਪ੍ਰਾਈਜ਼ਜ਼ ਦੇ ਗੌਰਵ ਗੁਪਤਾ ਤੋਂ ਸਾਢੇ ਸਤਾਰਾਂ ਹਜ਼ਾਰ ਰੁਪਏ ਲੁੱਟ ਲਏ। ਅੱਜ ਦੀ ਆਵਾਜ਼ ਅਖਬਾਰ ਦੇ ਪੱਤਰਕਾਰ ਗੌਰਵ ਗੁਪਤਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਉਹ ਬੀਤੀ ਰਾਤ ਸਾਢੇ ਅੱਠ ਵਜੇ ਕਰੀਬ ਆਪਣੀ ਦੁਕਾਨ ਬੰਦ ਹੀ ਕਰਨ ਲੱਗਾ ਸੀ ਕਿ ਦੋ ਨੌਜਵਾਨ ਦੁਕਾਨ ਅੰਦਰ ਆਏ, ਇਕ ਬੂਹੇ ਵਿਚ ਖੜ ਗਿਆ , ਉਸ ਨੇ ਪਿਸਤੌਲ ਤਾਣਦਿਆਂ ਆਖਿਆ ‘ਬੈਗ ਦੇਦੇ ਨਹੀਂ ਤਾਂ ਗੋਲੀ ਮਾਰ ਦਿਆਂਗੇ’। ਮੌਕੇ ਦੀ ਨਜ਼ਾਕਤ ਵੇਖਦਿਆਂ ਗੌਰਵ ਨੇ ਪੈਸਿਆਂ ਵਾਲਾ ਬੈਗ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਅਤੇ ਲੁਟੇਰੇ ਸਾਢੇ ਸਤਾਰਾਂ ਹਜ਼ਾਰ ਦੇ ਕਰੀਬ ਰੁਪਏ ਲੁੱਟ ਕੇ ਫਰਾਰ ਹੋ ਗਏ। ਗੌਰਵ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੌਜਵਾਨ ਲੁਟੇਰੇ ਜਾਂਦੇ ਹੋਏ ਦੁਕਾਨ ਦੀ ਲਾਈਟ ਬੁਝਾ ਕੇ ਦੁਕਾਨ ਨੂੰ ਬਾਹਰੋਂ ਕੁੰਡੀ ਲਗਾ ਗਏ। ਗੌਰਵ ਨੇ ਦੱਸਿਆ ਕਿ ਉਸ ਨੇ ਆਪਣੇ ਫੋਨ ਤੋਂ ਨਿਹਾਲ ਸਿੰਘ ਵਾਲਾ ਵਿਖੇ ਹੀ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ । ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਥਾਣਾ ਮੁਖੀ ਜਸਵੰਤ ਸਿੰਘ ਦੀ ਅਗਵਾਈ ਵਿਚ ਤੁਰੰਤ ਮੌਕੇ ’ਤੇ ਪੁੱਜ ਗਈ ਅਤੇ ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ। ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕੇ ਪੁਲਿਸ ਬਾਰੀਕੀ ਨਾਲ ਕੇਸ ਦੀ ਜਾਂਚ ਕਰ ਰਹੀ ਹੈ ਜਲਦ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


