41ਵੇਂ ‘ਕੌਮੀ ਲੋਕ ਸੰਪਰਕ ਦਿਵਸ’ ਮੌਕੇ ‘‘ਪੀ.ਆਰ. ਤੇ ਮੀਡੀਆ : ਇੱਕ ਸੰਦਰਭ’’ ਵਿਸ਼ੇ ’ਤੇ ਪੀ.ਆਰ.ਐਸ.ਆਈ. ਵੱਲੋਂ ਵਿਚਾਰ ਗੋਸ਼ਠੀ

ਚੰਡੀਗੜ 22 ਅਪ੍ਰੈਲ (ਜਸ਼ਨ):  ਲੋਕ ਸੰਪਰਕ ਅਤੇ ਮੀਡੀਆ ਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੁਪਾਸੜ ਹਨ ਅਤੇ ਇੰਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾ ਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦਾ ਰਿਹਾ ਹੈ। ਅੱਜ ਦੇ ਤੇਜ਼-ਤਰਾਰ ਜ਼ਮਾਨੇ ਵਿੱਚ ਲੋਕ ਸੰਪਰਕ ਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਲੋੜੀਂਦੀ ਕਾਰਗੁਜ਼ਾਰੀ ਦਿਖਾਉਣ ਲਈ ਵਧੇਰੇ ਜਿੰਮੇਵਾਰ, ਚੌਕਸ ਅਤੇ ਪਾਬੰਦ ਹੋ ਕੇ ਵਿਚਰਨਾ ਪਵੇਗਾ। ਇਹ ਵਿੱਚਾਰ ਅੱਜ ਇੱਥੇ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਦੇ ਚੰਡੀਗੜ ਚੈਪਟਰ ਵੱਲੋਂ ਸਥਾਨਕ ਪ੍ਰੈਸ ਕਲੱਬ ਵਿਖੇ ਮਨਾਏ 41ਵੇਂ ‘ਕੌਮੀ ਲੋਕ ਸੰਪਰਕ ਦਿਵਸ’ ਮੌਕੇ ਆਯੋਜਿਤ ਇੱਕ ਗੋਸ਼ਟੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪ੍ਰਗਟ ਕੀਤੇ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਆਈ.ਏ.ਐਸ. ਅਧਿਕਾਰੀ, ਲੇਖਕ ਅਤੇ ਉਘੇ ਵਕਤਾ ਵਿਵੇਕ ਅੱਤਰੇ, ਸ੍ਰੋਮਣੀ ਪੱਤਰਕਾਰ ਤੇ ਬਾਬੂਸ਼ਾਹੀ ਖਬਰ ਵੈਬਸਾਈਟ ਦੇ ਸੰਪਾਦਕ ਬਲਜੀਤ ਬੱਲੀ ਅਤੇ ਕੁਇੱਕ ਰਿਲੇਸ਼ਨਜ਼ ਪ੍ਰਾਈ. ਲਿਮ. ਦੇ ਫਾਉਂਡਰ ਚੇਅਰਮੈਨ ਪੀ.ਕੇ. ਖੁਰਾਣਾ ਨੇ ‘ਪੀ.ਆਰ. ਅਤੇ ਮੀਡੀਆ : ਆਪਸੀ ਤਾਲਮੇਲ’ ਨਾਮੀ ਵਿਸ਼ੇ ’ਤੇ ਕਰਵਾਈ ਵਿਚਾਰ ਗੋਸ਼ਠੀ ਵਿੱਚ ਪ੍ਰਗਟ ਕੀਤਾ। ਬੁਲਾਰਿਆਂ ਦਾ ਵਿਚਾਰ ਸੀ ਕਿ ਸ਼ੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਅਤੇ ਪ੍ਰਚੱਲਤ ਤਕਨੀਕੀ ਯੁੱਗ ਵਿੱਚ ਪ੍ਰਭਾਵਸ਼ਾਲੀ ਲੋਕ ਸੰਪਰਕ ਲਈ ਹਰ ਲੋਕ ਸੰਪਰਕ ਕਰਮੀ ਨੂੰ ਸਮੇਂ ਦਾ ਹਾਣੀ ਹੋਣਾ ਪਵੇਗਾ ਅਤੇ ਫੀਡਬੈਕ ਪ੍ਰਣਾਲੀ ਨੂੰ ਅਸਰਦਾਰ ਬਣਾਉਣਾ ਪਵੇਗਾ।ਮੀਡੀਆ ਸਬੰਧੀ ਨਪੇ-ਤੁਲੇ ਲਫ਼ਜ਼ਾਂ ਵਿੱਚ ਅੱਤਰੇ ਨੇ ਕਿਹਾ ਕਿ ਮੌਜੂਦਾ ਯੁੱਗ ਵਿੱਚ ਸੂਚਨਾ ਅਦਾਨ-ਪ੍ਰਦਾਨ ਕਰਨ ਅਤੇ ਸਭ ਤੋਂ ਪਹਿਲਾਂ ਸੂਚਨਾ/ਖਬਰ ਦੇਣ ਦੀ ਪ੍ਰਵਿਰਤੀ ਵਿੱਚ ਮੀਡੀਆ ਅਤੇ ਲੋਕ ਸੰਪਰਕ ਦੀ ਜਿੰਮੇਵਾਰੀ ਹੋਰ ਵਧ ਗਈ ਹੈ ਕਿਉਂਕਿ ਕਾਹਲ ਵਿੱਚ ਦਿੱਤੀ ਗਈ ਸੂਚਨਾ ਬਹੁਤੀ ਵਾਰ ਪਰਖੇ ਜਾਣ, ਤਸਦੀਕ ਕਰਨ ਜਾਂ ਸੱਚੀ ਹੋਣ ਦੀ ਜ਼ਹਿਮਤ ਉਠਾਏ ਬਿਨਾਂ ਹੀ ਫ਼ੁਰਤੀ ਨਾਲ ਅੱਗੇ ਭੇਜ ਦਿੱਤੀ ਜਾਂਦੀ ਹੈ ਜਿਸ ਕਰਕੇ ਉਸ ਸੂਚਨਾ ਦੇ ਗਲਤ ਨਿੱਕਲਣ ਦੀ ਸੂਰਤ ਵਿੱਚ ਦੋਵਾਂ ਧਿਰਾਂ ਨੂੰ ਜੋਖ਼ਮ ਉਠਾਉਣਾ ਪੈ ਸਕਦਾ ਹੈ।ਬਲਜੀਤ ਬੱਲੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੀਡੀਆ ਨਾਲੋਂ ਲੋਕ ਸੰਪਰਕ ਦਾ ਘੇਰਾ ਜ਼ਿਆਦਾ ਵਿਸ਼ਾਲ, ਬਹੁਮੰਤਵੀ ਅਤੇ ਜ਼ਿੰਮੇਦਾਰੀ ਵਾਲਾ ਹੈ ਭਾਵੇਂ ਉਹ ਸਰਕਾਰੀ, ਨੀਮ-ਸਰਕਾਰੀ ਲੋਕ ਸੰਪਰਕ ਹੋਵੇ, ਚਾਹੇ ਪ੍ਰਾਈਵੇਟ ਏਜੰਸੀਆਂ ਕਰ ਰਹੀਆਂ ਹੋਣ। ਉਨਾਂ ਬੇਬਾਕੀ ਨਾਲ ਕਿਹਾ ਕਿ ਭਾਵੇਂ ਪੱਤਰਕਾਰ ਭਾਈਚਾਰੇ (ਮੀਡੀਆ) ਨੂੰ ਵੀ ਵਿਸ਼ੇਸ਼ ‘ਸਟੋਰੀਆਂ’ ਲੱਭਣ ਲਈ ਸਰਕਾਰੀ ਦਰਬਾਰੇ ਆਪਣਾ ‘ਪੀ.ਆਰ.’ ਕਰਨਾ ਪੈਂਦਾ ਹੈ ਪਰ ਲੋਕ ਸੰਪਰਕ ਪੇਸ਼ਾ ਹਰ ਖੇਤਰ ਵਿੱਚ ਇਸ ਵੇਲੇ ਬਹੁ-ਉਦੇਸ਼ੀ ਭੂਮਿਕਾ ਅਖਤਿਆਰ ਕਰ ਚੁੱਕਾ ਹੈ ਅਤੇ ਸ਼ੋਸ਼ਲ ਮੀਡੀਆ ਦੇ ਵਧਦੇ ਪ੍ਰਚੱਲਣ ਨਾਲ ਲੋਕ ਸੰਪਰਕ ਦਾ ਕਾਰਜ ਖੇਤਰ ਅਤੇ ਕਰਤੱਵ ਵੀ ਅੱਞੇ ਨਾਲੋਂ ਵੱਧ ਜਿੰਮੇਦਾਰੀ ਤੇ ਕੁਸ਼ਲ ਹੋ ਗਿਆ ਹੈ।ਇਸ ਮੌੇਕੇ ਪੀ.ਕੇ. ਖੁਰਾਣਾ ਨੇ ਗੋਸ਼ਠੀ ਦੀ ਸ਼ੁਰੂਆਤ ਕਰਦਿਆਂ ਸਪੱਸ਼ਟ ਕਿਹਾ ਕਿ ਲੋਕ ਸੰਪਰਕ ਕਦੇ ਵੀ ਮੀਡੀਆ ਦਾ ਵਿਰੋਧੀ ਨਹੀਂ ਰਿਹਾ ਅਤੇ ਨਾ ਹੀ ਤੱਥਾਂ ਨੂੰ ਛੁਪਾ ਕੇ ਸੂਚਨਾ ਨੂੰ ਮੁਲੱਮਾ ਚੜਾਉਣ ਦਾ ਕਾਰਜ ਕਰਦਾ ਰਿਹਾ ਹੈ ਸਗੋਂ ਮੀਡੀਆ ਦਾ ਹਮੇਸ਼ਾਂ ਪੂਰਕ ਅਤੇ ਸਹਿਯੋਗੀ ਬਣਕੇ ਜਨਤਾ ਅੱਗੇ ਸਰਕਾਰੀ ਪੱਖ ਪਹੁੰਚਾਉਣ ਲਈ ਇੱਕ ਪੁੱਲ ਦਾ ਕੰਮ ਕਰਦਾ ਆ ਰਿਹਾ ਹੈ।ਮੰਚ ਸੰਚਾਲਨ ਕਰਦਿਆਂ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਪੰਜਾਬ ਲੋਕ ਸੰਪਰਕ ਵਿਭਾਗ ਨੇ ਐਲਾਨ ਕੀਤਾ ਕਿ ਅਗਲੇ ਵਰੇ ਤੋਂ ਪੀ.ਆਰ.ਐਸ.ਆਈ. ਵੱਲੋਂ ‘ਬਿਹਤਰੀਨ ਲੋਕ ਸੰਪਰਕ ਕਰਮੀ’, ‘ਬਿਹਤਰੀਨ ਲੋਕ ਸੰਪਰਕ ਏਜੰਸੀ’, ‘ਬਿਹਤਰੀਨ ਲੋਕ ਸੰਪਰਕ ਅਧਿਆਪਕ’ ਨੂੰ ਸਲਾਨਾ ਪੁਰਸਕਾਰ ਦਿੱਤੇ ਜਾਇਆ ਕਰਨਗੇ। ਪ੍ਰੋਗਰਾਮ ਦੇ ਅੰਤ ਵਿੱਚ ਪੀ.ਆਰ.ਐਸ.ਆਈ. ਦੇ ਵਾਈਸ ਚੇਅਰਮੈਨ ਕੇ.ਆਰ. ਕਪਲਾਸ਼ ਨੇ ਸਭਨਾਂ ਦਾ ਧੰਨਵਾਦ ਕੀਤਾ। ਉਪਰੰਤ ਪੀ.ਆਰ.ਐਸ.ਆਈ. ਚੰਡੀਗੜ ਚੈਪਟਰ ਵੱਲੋਂ ਆਪਣਾ ਸਲਾਨਾ ਆਮ ਅਜਲਾਸ ਵੀ ਕੀਤਾ ਗਿਆ ਜਿਸ ਵਿੱਚ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਲੇਖਾ-ਜੋਖਾ ਪੇਸ਼ ਕਰਦਿਆਂ ਚੈਪਟਰ ਦੀਆਂ ਜੂਨ ਮਹੀਨੇ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਲਾਉਣ ਦਾ ਫ਼ੈਸਲਾ ਵੀ ਕੀਤਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ