ਮੰਤਰੀ ਮੰਡਲ ‘ਚ ਸ਼ਾਮਲ ਮੰਤਰੀਆਂ ਦੇ ਤਜ਼ਰਬੇ ਦਾ ਪੰਜਾਬ ਨੂੰ ਮਿਲੇਗਾ ਭਰਪੂਰ ਲਾਹਾ-ਕਰਨੈਲ ਸਿੰਘ ਦੌਧਰੀਆ

ਮੋਗਾ,22 ਅਪਰੈਲ (ਜਸ਼ਨ)-ਪੰਜਾਬ ਕੈਬਨਿਟ ਦੇ ਵਿਸਥਾਰ ਉਪਰੰਤ ਆਪੋ ਆਪਣੇ ਅਹੁਦੇ ਸੰਭਾਲਣ ਜਾ ਰਹੇ ਸਮੂਹ ਮੰਤਰੀਆਂ ਨੂੰ ਵਧਾਈ ਦਿੰਦਿਆਂ ਕਾਂਗਰਸ ਬੀ.ਸੀ.ਵਿੰਗ ਦੇ ਜਿਲਾ ਪ੍ਰਧਾਨ ਕਰਨੈਲ ਸਿੰਘ ਦੌਧਰੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ ਕਰਨ ਮੌਕੇ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈਣ ਸਦਕਾ ਕਾਂਗਰਸ ਦੀਆਂ ਸਫਾਂ ਵਿਚ ਸ਼ੁੱਭ ਸੰਕੇਤ ਗਏ ਹਨ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਮੰਡਲ ਵਿਚ ਸ਼ਾਮਲ ਮੰਤਰੀਆਂ ਦੇ ਤਜ਼ਰਬੇ ਦਾ ਪੰਜਾਬ ਨੂੰ ਭਰਪੂਰ ਲਾਹਾ ਮਿਲੇਗਾ। ਉਹਨਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੰਤਰੀਆਂ ਦੇ ਨਾਵਾਂ ਤੇ ਸਹਿਮਤੀ ਪ੍ਰਗਟਾਏ ਜਾਣ ’ਤੇ ਧੰਨਵਾਦ ਕਰਦਿਆਂ ਆਖਿਆ ਕਿ ਪਿਛਲੇ ਦਸ ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਦੀ ਅਣਗਹਿਲੀ ਕਾਰਨ ਵਿਕਾਸ ਪੱਖੋਂ ਪਛੜੇ ਪੰਜਾਬ ਵਿਚ ਹੁਣ ਤੇਜ਼ੀ ਨਾਲ ਵਿਕਾਸ ਹੋਣ ਦੀ ਆਸ ਬੱਝੀ ਹੈ। ਕਰਨੈਲ ਸਿੰਘ ਦੌਧਰੀਆ ਨੇ ਆਖਿਆ ਕਿ ਮੰਤਰੀਆਂ ਵੱਲੋਂ ਆਪੋ ਆਪਣੇ ਵਿਭਾਗਾਂ ਵਿਚ ਦਿ੍ਰੜ ਸੰਕਲਪ ਹੋ ਕੇ ਕੰਮ ਕਰਨ ਨਾਲ ਪੰਜਾਬ ਮੁੜ ਤੋਂ ਤਰੱਕੀ ਦੀ ਲੈਅ ਫੜਦਿਆਂ ਸੁਨਹਿਰੀ ਭਵਿੱਖ ਵੱਲ ਵਧੇਗਾ।