ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ: ਤਿ੍ਰਪਤ ਬਾਜਵਾ

ਚੰਡੀਗੜ, 25 ਅਪ੍ਰੈਲ(ਪੱਤਰ ਪਰੇਰਕ)- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਚਾਇਤੀ ਰਾਜ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਸੂਬੇ ਦੇ ਵਾਤਾਵਰਣ ਖਾਸ ਕਰਕੇ ਪਾਣੀ ਦੀ ਸੰਭਾਲ ਕਰਨ ਲਈ ਅੱਗੇ ਆਉਣ। ਉਨਾਂ ਚਿਤਾਵਨੀ ਦਿੱਤੀ ਕਿ ਹੈ ਕਿ ਜੇਕਰ ਪੰਜਾਬੀਆਂ ਨੇ ਅਜੇ ਵੀ ਪਾਣੀ ਨੂੰ ਸੰਭਾਲਣ ਅਤੇ ਇਸ ਦੀ ਸੰਕੋਚਵੀਂ ਵਰਤੋਂ ਨਾ ਕੀਤੀ ਤਾਂ ਕੁਝ ਸਾਲਾਂ ਬਾਅਦ ਪੰਜਾਬ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਰਾਜੀਵ ਗਾਂਧੀ ਪੰਚਾਇਤੀ ਰਾਜ ਸੰਚਾਲਨ ਦੀ ਪੰਜਾਬ ਇਕਾਈ ਵਲੋਂ ਅੱਜ ਇਥੋਂ ਦੇ ਪੰਜਾਬ ਕਾਂਗਰਸ ਭਵਨ ਵਿਚ ‘ਪੰਚਾਇਤ ਦਿਵਸ’ ਮਨਾਉਣ ਲਈ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 148 ਬਲਾਕਾਂ ਵਿਚੋਂ 122 ਬਲਾਕਾਂ ਵਿਚ ਪਾਣੀ ਬਹੁਤ ਹੀ ਡੂੰਘਾ ਹੋ ਜਾਣ ਕਾਰਨ ਨਵੇਂ ਟਿਊਬਵੈਲ ਲਗਾਉਣ ਉੱਤੇ ਪਾਬੰਦੀ ਲਾਉਣੀ ਪੈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫਸਲਾਂ ਨੂੰ ਤਰਜੀਹ ਦੇਣੀ ਪਵੇਗੀ ਕਿਉਂਕਿ ਇੱਕ ਕਿੱਲੋ ਝੋਨਾ ਪੈਦਾ ਕਰਨ ਲਈ 5000 ਤੋਂ 6000 ਲੀਟਰ ਪਾਣੀ ਲਾਉਣਾ ਪੈਂਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਇਸ ਵੇਲੇ ਤਕਰੀਬਨ 14 ਲੱਖ ਟਿਊਬਵੈਲਾਂ ਨਾਲ ਖੇਤਰੀ ਕੀਤੀ ਜਾ ਰਹੀ ਹੈ ਅਤੇ ਇਨਾਂ ਦੀ ਸੰਕੋਚਵੀ ਵਰਤੋਂ ਕਰਨ ਲਈ ਹੀ ਸੂਬਾ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਲੀ ਸਬਸਿਡੀ ਦੇਣ ਬਾਰੇ ਵਿਚਾਰ ਕਰ ਰਹੀ ਹੈ। ਸੂਬੇ ਵਿਚ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਤਿਆਰੀ ਸਬੰਧੀ ਦੱਸਦਿਆਂ, ਸ੍ਰੀ ਬਾਜਵਾ ਨੇ ਕਿਹਾ ਕਿ ਇਹਨਾਂ ਚੋਣਾਂ ਦੀ ਵਾਰਡਬੰਦੀ ਅਤੇ ਰਾਖਵੇਂਕਰਨ ਦਾ ਚਲ ਰਿਹਾ ਕੰਮ ਇਸ ਮਹੀਨੇ ਦੇ ਅਖੀਰ ਤੱਕ ਨਿਬੜ ਜਾਵੇਗਾ। ਉਨਾਂ ਕਿਹਾ ਕਿ ਦੋ ਪੜਾਵਾਂ ਵਿਚ ਹੋਣ ਵਾਲੀਆਂ ਇਹਨਾਂ ਚੋਣਾਂ ਦੇ ਪਹਿਲੇ ਪੜਾਅ ਵਿਚ ਜ਼ਿਲਾ ਪ੍ਰੀਸ਼ਦਾਂ ਅਤੇ ਦੂਜੇ ਪੜਾਅ ਵਿਚ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ। ਪੰਚਾਇਤ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਇਸ ਵਾਰੀ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਹੋ ਜਾਣ ਕਾਰਨ ਔਰਤਾਂ ਨੂੰ ਹੁਣ ਤੋਂ ਹੀ ਇਹਨਾਂ ਚੋਣਾਂ ਲਈ ਤਿਆਰੀ ਕਰਨੀ ਚਾਹੀਦੀ ਹੈ।